ਕਪੂਰਥਲਾ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਇੰਦਰ ਕੁਮਾਰ ਗੁਜਰਾਲ ਤਕਨੀਕੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਰੋਜ਼ਗਾਰ ਮੇਲੇ ‘ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ 150 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ।
ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚਾਹੇ ਕੋਈ ਵੀ ਕਿਸੇ ਵੀ ਪਰਿਵਾਰ ਦਾ ਬੰਦਾ ਹੋਵੇ, ਅੱਗੇ ਪਹੁੰਚ ਸਕਦਾ ਹੈ ਪਰ ਮਨ ‘ਚ ਸੰਘਰਸ਼ ਤੇ ਦ੍ਰਿੜ੍ਹਤਾ ਹੋਈ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜ਼ਿੰਦਗੀ ‘ਚ ਅੱਗੇ ਵਧਣ ਲਈ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਬਸ ਇਕ ਟੀਚਾ ਬਣਾ ਕੇ ਅੱਗੇ ਵਧਣਾ ਪੈਂਦਾ ਹੈ ਤੇ ਅੱਗੇ ਵਧਣ ਲਈ ਹੌਸਲਾ ਰੱਖਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਮੇਰੇ ਪਿਤਾ ਤੇ ਦਾਦਾ ਜੀ ਸਿਆਸਤ ‘ਚ ਨਹੀਂ ਸਨ ਤੇ ਜੇਕਰ ਮੇਰੇ ਵਰਗਾ ਬੰਦਾ ਮੁੱਖ ਮੰਤਰੀ ਬਣ ਸਕਦਾ ਹੈ ਤਾਂ ਤੁਸੀਂ ਵੀ ਅੱਗੇ ਵਧ ਸਕਦੇ ਹੋ। ਜਦੋਂ ਮੈਂ ਪੜ੍ਹਦਾ ਸੀ, ਉਦੋਂ ਵੀ ਆਪਣੇ ਪਿਤਾ ਨਾਲ ਕੰਮ ਕਰਵਾ ਕੇ ਸਕੂਲ-ਕਾਲਜ ਜਾਂਦਾ ਹੁੰਦਾ ਸੀ।
ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਹੈਂਡਬਾਲ ਦਾ 3 ਵਾਰ ਗੋਲਡ ਮੈਡਲ ਜਿੱਤਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਕਿਤੇ ਜਾਂਦਾ ਤਾਂ ਮੈਂ ਪਹਿਲਾਂ ਲਿਖ ਲੈਂਦਾ ਹਾਂ ਪਰ ਮੇਰੇ ਕੋਲੋਂ ਉਹ ਕੁਝ ਬੋਲਿਆ ਨਹੀਂ ਜਾਂਦਾ ਤੇ ਮੈਂ ਜੋ ਵੀ ਬੋਲਦਾ ਹਾਂ, ਦਿਲੋਂ ਬੋਲਦਾ ਹਾਂ ਤੇ ਮੇਰਾ ਦਿਲ ਇਹ ਕਹਿੰਦਾ ਹੈ ਕਿ ਮੈਂ ਪੰਜਾਬ ਨੂੰ ਅੱਗੇ ਵਧਾਵਾਂ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ‘ਚ ਡਾ. ਭੀਮ ਰਾਓ ਅੰਬੇਡਕਰ ਇੰਸਟੀਚਿਊਟ ਬਣੇਗਾ ਤਾਂ ਕਿ ਇਥੇ ਗਰੀਬ ਬੱਚੇ ਪੜ੍ਹ ਸਕਣ, ਚਮਕੌਰ ਸਾਹਿਬ ‘ਚ ਵੀ ਸਕਿਲ ਯੂਨੀਵਰਸਿਟੀ ਬਣਾ ਰਹੇ ਹਾਂ।