ਕਪੂਰਥਲਾ : ਅਮਰੀਕਾ ਗਏ ਪਿੰਡ ਤਲਵਾੜਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

0
1382

ਕਪੂਰਥਲਾ| ਆਪਣੇ ਸੁਨਿਹਰੀ ਭਵਿੱਖ ਦੀ ਤਲਾਸ਼ ਵਿੱਚ ਅਮਰੀਕਾ ਗਏ ਬਲਾਕ ਨਡਾਲਾ ਦੇ ਪਿੰਡ ਤਲਵਾੜਾ (ਕਪੂਰਥਲਾ) ਦੇ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖਬਰ ਹੈ।

ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਤਰਲੋਚਨ ਸਿੰਘ ਰੰਧਾਵਾ ਵਾਸੀ ਤਲਵਾੜਾ ਨੇ ਦੱਸਿਆ ਕਿ ਉਨ੍ਹਾਂ 3 ਸਾਲ ਪਹਿਲਾਂ ਆਪਣੇ ਪੁੱਤਰ ਤਲਵਿੰਦਰ ਸਿੰਘ ਉਰਫ ਤਿੰਦੀ (23) ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਅਮਰੀਕਾ ਭੇਜਿਆ ਸੀ ਤੇ ਇਸ ਸਮੇਂ ਮੈਡੀਲੈਂਡ ਸੂਬੇ ਵਿਚ ਰਹਿੰਦਾ ਸੀ।

ਊੁਹ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਬੀਤੀ ਰਾਤ ਜਦ ਸਟੋਰ ਤੋਂ ਕੰਮ ਕਰਕੇ ਵਾਪਸ ਕਮਰੇ ਵਿੱਚ ਸੁੱਤਾ ਤਾਂ ਅਚਾਨਕ ਸੁੱਤੇ ਪਏ ਨੂੰ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ।

ਇਹ ਖਬਰ ਅਮਰੀਕਾ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਫੋਨ ਜ਼ਰੀਏ ਦਿੱਤੀ। ਉਨ੍ਹਾਂ ਦੱਸਿਆ ਕਿ ਬੇਟੇ ਤਲਵਿੰਦਰ ਨੂੰ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ ਤੇ ਅਜੇ ਤੱਕ ਚੁੱਕਿਆ ਹੋਇਆ ਕਰਜ਼ਾ ਨਹੀਂ ਉਤਰ ਸਕਿਆ। ਉਨ੍ਹਾਂ ਪੰਜਾਬ ਤੇ ਭਾਰਤ ਸਰਕਾਰ ਕੋਲੋਂ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਗੁਹਾਰ ਲਾਈ ਹੈ।