ਕਪੂੂਰਥਲਾ : ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ‘ਤੇ ਸੁਨਿਆਰੇ ਤੋਂ ਲੁੱਟੇ 35 ਲੱਖ ਤੇ ਗਹਿਣੇ

0
1267

ਕਪੂਰਥਲਾ : ਹਲਕਾ ਭੁਲੱਥ ਨਿੱਤ ਦਿਨ ਵੱਧ ਰਹੀਆਂ ਲੁੱਟਾਂ ਖੋਹਾਂ ਦੀ ਵਾਰਦਾਤਾਂ ਨਾਲ ਲੋਕ ਸਹਿਮ ਦੇ ਮਾਹੌਲ ਹੇਠ ਦਿਨ ਕੱਟ ਰਹੇ ਹਨ। ਲੁਟੇਰੇ ਚਿੱਟੇ ਦਿਨ ਖਤਰਨਾਕ ਹਥਿਆਰਾਂ ਦੀ ਨੋਕ ‘ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬੀਤੀ ਸ਼ਾਮ ਨਡਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਸੁਨਹਿਰੇ ਤੋਂ 35 ਲੱਖ ਨਕਦ ਤੇ ਉਸਦੀ ਪਤਨੀ ਤੋਂ ਲੁਟੇਰਿਆਂ ਨੇ ਗਹਿਣੇ ਲੁੱਟ ਲਏ।

ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤ ਪਰਿਵਾਰ ਦੇ ਮੁੱਖੀ ਸੰਤੌਖ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 2214/4 ਗੱਲੀ ਆਵੇ ਵਾਲੀ ਗੇਟ ਭਗਤਾ ਵਾਲਾ ਅੰਮ੍ਰਿਤਸਰ ਹਾਲ ਵਾਸੀ ਜਲਾਲਪੁਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਬਲਵਿੰਦਰ ਕੌਰ ਤੇ ਬੱਚਿਆ ਨਾਲ ਕਾਰ ਨੰਬਰੀ ਪੀਬੀ 07 ਏਪੀ 8182 ‘ਤੇ ਸਵਾਰ ਹੋ ਕੇ ਜਲਾਲਪੁਰ ਤੋਂ ਵਾਇਆ ਨਡਾਲਾ ਹੋ ਕੇ ਢਿਲਵਾ ਰੋਡ ਰਾਧਾ ਸੁਆਮੀ ਸੰਤਸੰਗ ਨੇੜੇ ਪੁੱਜਾ ਤਾਂ ਮੈ ਖੁਦ ਗੱਡੀ ਚਲਾ ਰਿਹਾ ਸੀ । ਮੇਰੀ ਘਰਵਾਲੀ ਨਾਲ ਵਾਲੀ ਸੀਟ ‘ਤੇ ਪਰਸ ਫੜ ਕੇ ਬੈਠੀ ਸੀ ।ਜਿਸ ਵਿੱਚ 35 ਲੱਖ ਰੁਪਏ ਸਨ ਤਾਂ ਸਾਡੇ ਅੱਗੇ ਇਕ ਚਿੱਟੇ ਰੰਗ ਦੀ ਕਾਰ ਜਾ ਰਹੀ ਸੀ।

ਅਸੀੰ ਉਨ੍ਹਾਂ ਦੇ ਪਿੱਛੇ ਸੀ ਫਿਰ ਅੱਗੇ ਜਾ ਰਹੀ ਕਾਰ ਵਾਲੇ ਨੇ ਯਕਦਮ ਬਰੇਕ ਲਗਾ ਸਾਡੀ ਕਾਰ ਰੋਕ ਲਈ ਸੀ। ਇਸ ਦੌਰਾਨ ਕਾਰ ਵਿਚੋਂ 2 ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸੀ, ਨੇ ਪਿਸਤੌਲ ਵਰਗੀ ਚੀਜ ਵਿਖਾ ਕੇ ਮੇਰੀ ਪਤਨੀ ਬਲਵਿੰਦਰ ਕੌਰ ਦੀਆਂ ਵਾਲੀਆਂ ਅਤੇ ਹੱਥਾਂ ਵਿੱਚ ਪਾਈਆਂ ਮੁੰਦਰੀਆਂ ਖੋਹ ਲਈਆਂ ਅਤੇ ਪੈਸਿਆਂ ਵਾਲਾ ਪਰਸ ਖੋਹ ਕੇ ਲੈ ਕੇ ਢਿਲਵਾ ਸਾਈਡ ਵੱਲ ਚਲੇ ਗਏ।

ਪੀੜਤ ਨੇ ਅੱਗੇ ਦੱਸਿਆ ਕਿ ਲੁਟੇਰਿਆਂ ਦੀ ਕਾਰ ਦਾ ਨੰਬਰ ਪੀਬੀ 65 ਏਬੀ 2606 ਸੀ ਅਤੇ ਕਾਰ ਦਾ ਰੰਗ ਚਿੱਟਾ ਸੀ। ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ ਨਾ ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।