ਉੱਤਰ ਪ੍ਰਦੇਸ਼ | ਕਾਨਪੁਰ ਦੇ ਕਾਰੋਬਾਰੀ ਪਿਊਸ਼ ਜੈਨ ਨੇ ਅਦਾਲਤ ਤੋਂ ਛਾਪੇਮਾਰੀ ਦੌਰਾਨ ਜ਼ਬਤ ਕੀਤਾ ਖਜ਼ਾਨਾ ਵਾਪਸ ਮੰਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਜੀਐੱਸਟੀ ਇੰਟੈਲੀਜੈਂਸ (ਡੀਜੀਜੀਆਈ) ਨੂੰ ਟੈਕਸ ਤੇ ਜੁਰਮਾਨੇ ਦੀ ਕਟੌਤੀ ਕਰਨ ਤੋਂ ਬਾਅਦ ਉਨ੍ਹਾਂ ਦੇ ਅਹਾਤੇ ਤੋਂ ਜ਼ਬਤ ਕੀਤੀ ਗਈ ਨਕਦੀ ਵਾਪਸ ਕਰਨ ਲਈ ਕਿਹਾ ਗਿਆ ਹੈ।
ਜੈਨ ਨੂੰ ਟੈਕਸ ਚੋਰੀ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਉਹ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਹੈ। ਵਿਸ਼ੇਸ਼ ਸਰਕਾਰੀ ਵਕੀਲ ਅਮਰੀਸ਼ ਟੰਡਨ ਨੇ ਬੁੱਧਵਾਰ ਨੂੰ ਇਕ ਅਦਾਲਤ ਨੂੰ ਸੂਚਿਤ ਕੀਤਾ ਕਿ ਪਿਊਸ਼ ਜੈਨ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਟੈਕਸ ਚੋਰੀ ਕੀਤਾ ਹੈ। ਉਸ ‘ਤੇ 52 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਹਾਲਾਂਕਿ, ਪਿਊਸ਼ ਜੈਨ ਦੇ ਵਕੀਲ ਨੇ ਅਦਾਲਤ ਨੂੰ ਡੀਜੀਜੀਆਈ ਨੂੰ ਨਿਰਦੇਸ਼ ਦੇਣ ਲਈ ਕਿਹਾ ਕਿ ਉਹ ਕਾਰੋਬਾਰੀ ਨੂੰ ਬਕਾਇਆ 52 ਕਰੋੜ ਰੁਪਏ ਜੁਰਮਾਨੇ ਵਜੋਂ ਕੱਟੇ ਤੇ ਬਾਕੀ ਰਕਮ ਉਸ ਨੂੰ ਵਾਪਸ ਕਰੇ।
ਟੰਡਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਬਰਾਮਦ ਕੀਤੀ ਗਈ ਰਕਮ ਟੈਕਸ ਚੋਰੀ ਦੀ ਆਮਦਨ ਸੀ ਤੇ ਇਸ ਨੂੰ ਵਾਪਸ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਜੈਨ 52 ਕਰੋੜ ਰੁਪਏ ਦਾ ਵਾਧੂ ਜੁਰਮਾਨਾ ਭਰਨਾ ਚਾਹੁੰਦੇ ਹਨ ਤਾਂ ਡੀਜੀਜੀਆਈ ਇਸ ਨੂੰ ਸਵੀਕਾਰ ਕਰੇਗਾ।
195 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ
ਇਤਿਹਾਸ ਦੇ ਸਭ ਤੋਂ ਵੱਡੇ ਜ਼ਬਤੀਆਂ ‘ਚੋਂ ਇਕ ਵਿੱਚ ਡੀਜੀਜੀਆਈ ਨੇ ਕਾਨਪੁਰ ਤੇ ਕਨੌਜ ਵਿੱਚ ਜੈਨ ਨਾਲ ਜੁੜੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ 195 ਕਰੋੜ ਰੁਪਏ ਤੋਂ ਵੱਧ ਨਕਦ, 23 ਕਿਲੋ ਸੋਨਾ ਤੇ 6 ਕਰੋੜ ਰੁਪਏ ਦਾ ਚੰਦਨ ਦਾ ਤੇਲ ਜ਼ਬਤ ਕੀਤਾ ਹੈ।
ਅਧਿਕਾਰੀਆਂ ਨੇ ਕਾਨਪੁਰ ਵਿੱਚ ਓਡੋਕੇਮ ਇੰਡਸਟਰੀਜ਼ ਦੇ ਭਾਈਵਾਲ ਪਿਊਸ਼ ਜੈਨ ਦੇ ਰਿਹਾਇਸ਼ੀ ਅਹਾਤੇ ਦੀ ਤਲਾਸ਼ੀ ਲਈ ਤੇ 177.45 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ।
ਡੀਜੀਜੀਆਈ ਦੇ ਅਧਿਕਾਰੀਆਂ ਨੇ ਕਨੌਜ ਵਿੱਚ ਓਡੋਕੇਮ ਇੰਡਸਟਰੀਜ਼ ਦੇ ਰਿਹਾਇਸ਼ੀ ਤੇ ਫੈਕਟਰੀ ਦੇ ਅਹਾਤੇ ਦੀ ਤਲਾਸ਼ੀ ਲਈ ਤੇ 120 ਘੰਟੇ ਦੀ ਛਾਪੇਮਾਰੀ ਦੌਰਾਨ 17 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ।
ਇੰਨੀ ਵੱਡੀ ਰਕਮ ਦੀ ਗਿਣਨ ਲਈ ਡੀਜੀਜੀਆਈ ਦੇ ਅਧਿਕਾਰੀਆਂ ਨੇ ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਦੇ ਅਧਿਕਾਰੀਆਂ ਤੇ ਉਨ੍ਹਾਂ ਦੀਆਂ ਕਰੰਸੀ ਕਾਊਂਟਿੰਗ ਮਸ਼ੀਨਾਂ ਤੋਂ ਮਦਦ ਮੰਗੀ।
ਟੰਡਨ ਨੇ ਅਦਾਲਤ ਨੂੰ ਦੱਸਿਆ ਕਿ ਇਹ ਪੈਸਾ ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਵਿੱਚ ਜਮ੍ਹਾ ਹੋ ਚੁੱਕਾ ਹੈ ਤੇ ਭਾਰਤ ਸਰਕਾਰ ਕੋਲ ਹੀ ਰਹੇਗਾ।