ਤਰਨਤਾਰਨ | ਇਸ ਕਲਯੁਗੀ ਦੌਰ ‘ਚ ਕਿਤੇ ਮਾਂ ਆਪਣੇ ਬੱਚਿਆਂ ਨੂੰ ਮਾਰ ਰਹੀ ਹੈ ਤੇ ਕਿਤੇ ਬੱਚੇ ਆਪਣੇ ਮਾਪਿਆਂ ਦਾ ਕਤਲ ਕਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਦੇ ਇਲਾਕੇ ਸਰਹਾਲੀ ਵਿਖੇ, ਜਿਥੇ ਇਕ ਬੇਟੀ ਨੇ ਪੈਸੇ ਹਾਸਲ ਕਰਨ ਲਈ ਅਣਜਾਣ ਵਿਅਕਤੀ ਨਾਲ ਮਿਲ ਕੇ ਆਪਣੀ ਮਾਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਥਾਣਾ ਸਰਹਾਲੀ ਦੇ ਮੁਖੀ ਨੇ ਮ੍ਰਿਤਕਾ ਦੀ ਬੇਟੀ ਸਣੇ 2 ਲੋਕਾਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਮਰੀਕ ਕੌਰ ਪਤਨੀ ਜੈਲ ਸਿੰਘ ਵਾਸੀ ਦਿਲਾਵਰਪੁਰ ਵਿਆਹ ਤੋਂ 2 ਸਾਲ ਬਾਅਦ ਇਕੱਲੀ ਹੋਣ ਕਾਰਨ ਆਪਣੇ ਪੇਕੇ ਪਿੰਡ ਨੌਸ਼ਹਿਰਾ ਪੰਨੂਆ ‘ਚ ਰਹਿ ਰਹੀ ਸੀ ਕਿਉਂਕਿ ਉਸ ਦੀ ਪਤੀ CISF ‘ਚ ਤਾਇਨਾਤ ਸੀ। ਇਨ੍ਹਾਂ ਦਾ ਆਪਣਾ ਕੋਈ ਬੱਚਾ ਨਾ ਹੋਣ ਕਾਰਨ ਅਮਰੀਕ ਕੌਰ ਨੇ ਆਪਣੀ ਨਣਾਨ ਦੀ ਕੁੜੀ ਨੂੰ ਗੋਦ ਲਿਆ ਸੀ, ਜਿਸ ਦਾ ਨਾਂ ਕਰਨਬੀਰ ਕੌਰ ਰੱਖਿਆ।
ਵੱਡੀ ਹੋਣ ‘ਤੇ ਕਰਨਬੀਰ ਕੌਰ ਨੇ ਕਰੀਬ 14 ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਪਿੰਡ ਭਰੋਵਾਲ ਦੇ ਗਗਨਦੀਪ ਸਿੰਘ ਨਾਲ ਵਿਆਹ ਕਰ ਲਿਆ, ਜਿਸ ਦਾ ਪਿਤਾ ਜੈਲ ਸਿੰਘ ਨੇ ਵਿਰੋਧ ਕੀਤਾ।
ਕਰੀਬ 6 ਮਹੀਨੇ ਪਹਿਲਾਂ ਜੈਲ ਸਿੰਘ ਦੀ ਮੌਤ ਹੋ ਗਈ, ਜਿਸ ਦਾ ਪਤਾ ਕਰਨਬੀਰ ਨੂੰ ਲੱਗਣ ‘ਤੇ ਉਸ ਨੇ ਆਪਣੀ ਮਾਂ ਅਮਰੀਕ ਕੌਰ ਨਾਲ ਹਮਦਰਦੀ ਜਤਾਉਂਦਿਆਂ ਦੁਬਾਰਾ ਮਿਲਣਾ ਸ਼ੁਰੂ ਕਰ ਦਿੱਤਾ।
ਬੀਤੀ ਰਾਤ ਕਰਨਬੀਰ ਮਾਂ ਨੂੰ ਮਿਲਣ ਬਹਾਨੇ ਪੇਕੇ ਪਹੁੰਚੀ, ਜਿਥੇ ਦੇਰ ਰਾਤ ਕਰਨਬੀਰ ਕੌਰ ਨੇ ਇਕ ਅਣਜਾਣ ਵਿਅਕਤੀ ਨਾਲ ਮਿਲ ਕੇ ਮਾਂ ਅਮਰੀਕ ਕੌਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਮ੍ਰਿਤਕਾ ਨੂੰ ਛੱਡ ਕੇ ਕਰਨਬੀਰ ਕੌਰ ਅਣਜਾਣ ਵਿਅਕਤੀ ਨਾਲ ਫਰਾਰ ਹੋ ਗਈ।
ਅਮਰੀਕ ਕੌਰ ਦੀ ਹੱਤਿਆ ਦਾ ਪਤਾ ਰਿਸ਼ਤੇਦਾਰਾਂ ਨੂੰ ਸਵੇਰੇ ਲੱਗਾ, ਜਿਨ੍ਹਾਂ ਨੇ ਥਾਣਾ ਸਰਹਾਲੀ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਮਾਮਲੇ ‘ਚ ਜਾਂਚ ਕਰ ਰਹੇ ਥਾਣਾ ਮੁਖੀ ਨੇ ਰਿਸ਼ਤੇਦਾਰੀ ‘ਚ ਮ੍ਰਿਤਕਾ ਦੇ ਭਰਾ ਲੱਗਦੇ ਹਰਚਰਨ ਸਿੰਘ ਵਾਸੀ ਨੌਸ਼ਹਿਰਾ ਪੰਨੂਆ ਦੇ ਬਿਆਨਾਂ ‘ਤੇ ਕਰਨਬੀਰ ਕੌਰ ਤੇ ਇਕ ਅਣਜਾਣ ਵਿਅਕਤੀ ਨੂੰ ਨਾਮਜ਼ਦ ਕਰਕੇ ਦੋਵਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਕਰਨਬੀਰ ਕੌਰ ਨੇ ਅਮਰੀਕ ਕੌਰ ਦੀ ਹੱਤਿਆ ਇਸ ਲਈ ਕੀਤੀ ਕਿਉਂਕਿ ਪਿਤਾ ਜੈਲ ਸਿੰਘ ਦੀ ਮੌਤ ਤੋਂ ਬਾਅਦ ਅਮਰੀਕ ਕੌਰ ਨੂੰ ਆਪਣੇ ਪਤੀ ਦੀ ਨੌਕਰੀ ਦੇ ਪੈਸੇ ਮਿਲਣ ਵਾਲੇ ਸਨ, ਜਿਸ ਨੂੰ ਕਰਨਬੀਰ ਕੌਰ ਹੜੱਪਣਾ ਚਾਹੁੰਦੀ ਸੀ। ਇਸੇ ਲਾਲਚ ‘ਚ ਕਰਨਬੀਰ ਕੌਰ ਨੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)