ਅੰਮ੍ਰਿਤਸਰ। ਨੂੰਹ ਨੇ ਪੈਸਿਆਂ ਦੇ ਲਾਲਚ ‘ਚ ਆਪਣੇ ਪ੍ਰੇਮੀ ਨਾਲ ਮਿਲ ਕੇ ਪੋਲੀਓ ਤੋਂ ਪੀੜਤ ਸਹੁਰੇ ਦਾ ਕਤਲ ਕਰ ਦਿੱਤਾ। ਘਟਨਾ ਬਾਰੇ ਸੁਣ ਕੇ ਆਸਪਾਸ ਦੇ ਲੋਕ ਹੈਰਾਨ ਹਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ।
ਘਟਨਾ ਇੱਥੋਂ ਦੇ ਹਕੀਮਾਨ ਗੇਟ ਥਾਣਾ ਮੂਲੇਚੱਕ ਦੀ ਹੈ। ਅਪਾਹਜ ਸਹੁਰਾ ਸੌਂ ਰਿਹਾ ਸੀ। ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸਿਰਹਾਣੇ ਨਾਲ ਮੂੰਹ ਦਬਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮੁਲਜ਼ਮ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਦੇ ਕਬਜ਼ੇ ’ਚੋਂ 58 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਅਤੇ ਡੀਸੀਪੀ ਮੁਖਵਿੰਦਰ ਸਿੰਘ ਦੇ ਹੁਕਮਾਂ ’ਤੇ ਏਡੀਸੀਪੀ ਸਿਟੀ-1 ਮਹਿਤਾਬ ਸਿੰਘ ਦੀ ਦੇਖ-ਰੇਖ ’ਚ ਥਾਣਾ ਇੰਚਾਰਜ ਇੰਸਪੈਕਟਰ ਮੋਹਿਤ ਕੁਮਾਰ ਨੇ ਟੀਮ ਗਠਿਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਰਜੀਤ ਕੌਰ ਪਤਨੀ ਲਖਬੀਰ ਸਿੰਘ ਦੇ ਰਾਜਨਦੀਪ ਨਾਲ ਪ੍ਰੇਮ ਸਬੰਧ ਸਨ। ਦੋਵਾਂ ਨੇ 58 ਹਜ਼ਾਰ ਰੁਪਏ ਲੁੱਟਣ ਦੀ ਨੀਅਤ ਨਾਲ ਨਰਿੰਦਰ ਸਿੰਘ ਦਾ ਕਤਲ ਕੀਤਾ ਹੈ। ਰਾਜਨਦੀਪ ਸਿੰਘ ਮਹਿਤਾ ਰੋਡ ਦਾ ਰਹਿਣ ਵਾਲਾ ਹੈ ਅਤੇ ਲਖਬੀਰ ਦਾ ਦੂਰ ਦਾ ਰਿਸ਼ਤੇਦਾਰ ਹੈ।
ਹਕੀਮਾਨ ਗੇਟ ਥਾਣੇ ਦੇ ਇੰਚਾਰਜ ਮੋਹਿਤ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮਹਿਤਾ ਰੋਡ ਇਲਾਕੇ ਤੋਂ ਸੁਰਜੀਤ ਕੌਰ ਅਤੇ ਰਾਜਨਦੀਪ ਸਿੰਘ ਉਰਫ਼ ਰਾਜਨ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 58 ਹਜ਼ਾਰ ਰੁਪਏ ਅਤੇ ਮ੍ਰਿਤਕ ਦਾ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ। ਜਿਸ ਮੋਟਰਸਾਈਕਲ ‘ਤੇ ਮੁਲਜ਼ਮ ਰਾਜਨਦੀਪ ਕਤਲ ਨੂੰ ਅੰਜਾਮ ਦੇਣ ਆਇਆ ਸੀ, ਉਹ ਵੀ ਬਰਾਮਦ ਕਰ ਲਿਆ ਗਿਆ ਹੈ।