ਜਲੰਧਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲੰਧਰ ‘ਚ ਇਕ ਵਾਰ ਫਿਰ ਤੋਂ ਕਾਲਾ ਕੱਛਾ ਗਿਰੋਹ ਸਰਗਰਮ ਹੋ ਚੁੱਕਾ ਹੈ। ਸੇਠ ਹੁਕਮ ਚੰਦ ਕਾਲੋਨੀ ਦੇ ਘਰਾਂ ਵਿਚ ਦਾਖ਼ਲ ਹੋਏ ਗੈਂਗ ਦਾ ਮਾਮਲਾ ਥਾਣਾ ਨੰਬਰ 1 ਦੀ ਪੁਲਿਸ ਕੋਲ ਪਹੁੰਚ ਚੁੱਕਾ ਹੈ। ਵੀਰਵਾਰ ਨੂੰ ਸਥਾਨਕ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਅਤੇ ਸੀ. ਸੀ. ਟੀ. ਵੀ. ਦੀ ਫੁਟੇਜ ਸੌਂਪੀ, ਜਿਸ ਵਿਚ ਗੈਂਗ ਦੇ ਮੈਂਬਰ ਕੈਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮ ਕਈ ਘਰਾਂ ਵਿਚ ਦਾਖ਼ਲ ਹੋਏ ਪਰ ਵਾਰਦਾਤ ਕਰਨ ਵਿਚ ਸਫ਼ਲ ਨਹੀਂ ਹੋ ਸਕੇ। ਪੁਲਿਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸਣਯੋਗ ਹੈ ਕਿ 24 ਮਈ ਨੂੰ ਦੇਰ ਰਾਤ ਲਗਭਗ ਢਾਈ ਤੋਂ 3 ਵਜੇ ਦੇ ਵਿਚਕਾਰ 5 ਤੋਂ 6 ਲੋਕ ਲੋਕਾਂ ਦੇ ਘਰਾਂ ਦੀਆਂ ਕੰਧਾਂ ਟੱਪ ਕੇ ਅੰਦਰ ਦਾਖ਼ਲ ਹੋ ਗਏ ਸਨ। ਮੁਲਜ਼ਮਾਂ ਨੇ ਕੱਛੇ ਅਤੇ ਟੀ-ਸ਼ਰਟਾਂ ਪਾਈਆਂ ਹੋਈਆਂ ਸਨ, ਜਿਨ੍ਹਾਂ ਦੇ ਹੱਥਾਂ ਵਿਚ ਹਥਿਆਰ ਵੀ ਵਿਖਾਈ ਦਿੱਤੇ। ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਸੀ। ਮਹਾਨਗਰ ’ਚ ਬੁੱਧਵਾਰ ਦੇਰ ਰਾਤ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ’ਚ ਕਾਲਾ ਕੱਛਾ ਗਿਰੋਹ ਇਕ ਘਰ ’ਚ ਵੜਦਾ ਨਜ਼ਰ ਆ ਰਿਹਾ ਹੈ ਪਰ ਇਹ ਵੀਡੀਓ ਕਿੱਥੋਂ ਦੀ ਸੀ? ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓ ਕਾਰਨ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਹਾਲਾਂਕਿ ਬੁੱਧਵਾਰ ਦੇਰ ਰਾਤ ਤੱਕ ਇਹ ਮਾਮਲਾ ਪੁਲਿਸ ਤਕ ਨਹੀਂ ਪਹੁੰਚਿਆ ਸੀ। ਜ਼ਿਕਰਯੋਗ ਹੈ ਕਿ ਕਈ ਸਾਲ ਪਹਿਲਾਂ ਇਸ ਗਿਰੋਹ ਨੇ ਮਹਾਨਗਰ ਅਤੇ ਆਸ-ਪਾਸ ਦੇ ਪਿੰਡਾਂ ’ਚ ਦਹਿਸ਼ਤ ਮਚਾ ਦਿੱਤੀ ਸੀ। ਹਰ ਦੂਜੇ ਦਿਨ ਕਿਸੇ ਨਾ ਕਿਸੇ ਥਾਂ ’ਤੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਪਰ ਪੁਲਿਸ ਦੀ ਸਖ਼ਤੀ ਤੋਂ ਬਾਅਦ ਕੱਛਾ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ।