ਜੱਜ ਦੀ ਧੀ ਦੇ CBI ‘ਤੇ ਦੋਸ਼, ਕਿਹਾ- ਪੁੱਛਗਿੱਛ ਦੇ ਨਾਂ ‘ਤੇ ਕੀਤਾ ‘ਜ਼ੁਬਾਨੀ’ ਤੇ ‘ਸਰੀਰਕ’ ਸ਼ੋਸ਼ਣ

0
223

ਚੰਡੀਗੜ੍ਹ। ਸ਼ਿਮਲਾ ਹਾਈਕੋਰਟ ਦੇ ਜੱਜ ਦੀ ਧੀ ਕਲਿਆਣੀ ਸਿੰਘ (36) ਨੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਕਤਲ ਕੇਸ ਵਿਚ ਚੰਡੀਗੜ੍ਹ ਦੀ ਸੀਬੀਆਈ ’ਤੇ ਤਸ਼ੱਦਦ ਕਰਨ ਦਾ ਦੋਸ਼ ਲਾਇਆ ਹੈ। ਕਲਿਆਣੀ ਨੇ ਕਿਹਾ ਹੈ ਕਿ ਸੀਬੀਆਈ ਨੇ ਉਸ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਅਤੇ ਅੱਧੀ ਰਾਤ ਤੱਕ ਉਸ ਤੋਂ ਪੁੱਛਗਿੱਛ ਕੀਤੀ। ਸਵੇਰੇ 9 ਵਜੇ ਤੋਂ ਰਾਤ 1 ਵਜੇ ਤੱਕ ਪੁੱਛਗਿੱਛ ਕੀਤੀ। ਉਸ ਨੇ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਹਾ। ਕਲਿਆਣੀ ਨੇ ਕਿਹਾ ਹੈ ਕਿ 15 ਜੂਨ ਤੋਂ 21 ਜੂਨ ਤੱਕ ਉਸ ਦੇ ਰਿਮਾਂਡ ਦੌਰਾਨ ਉਸ ਨਾਲ ‘ਜ਼ੁਬਾਨੀ’ ਅਤੇ ‘ਸਰੀਰਕ’ ਸ਼ੋਸ਼ਣ ਕੀਤਾ ਗਿਆ ਸੀ।

ਕਲਿਆਣੀ ਨੇ ਆਪਣੇ ਵਕੀਲ ਰਾਹੀਂ ਚੰਡੀਗੜ੍ਹ ਸੀਬੀਆਈ ਅਦਾਲਤ ਵਿਚ ਅਰਜ਼ੀ ਦਾਇਰ ਕਰਦਿਆਂ ਇਹ ਦੋਸ਼ ਲਾਏ ਹਨ। ਸਪੈਸ਼ਲ ਜੁਡੀਸ਼ੀਅਲ ਮੈਜਿਸਟਰੇਟ, ਸੀਬੀਆਈ, ਚੰਡੀਗੜ੍ਹ ਨੇ ਇਸ ਮਾਮਲੇ ਵਿਚ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਕਲਿਆਣੀ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਸ ਦੇ ਰਿਮਾਂਡ ਦੌਰਾਨ ਹੋਈ ਪੁੱਛਗਿੱਛ ਦੀ ਵੀਡੀਓਗ੍ਰਾਫੀ ਅਤੇ ਆਡੀਓਗ੍ਰਾਫੀ ਨੂੰ ਸੁਰੱਖਿਅਤ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ।

ਕਲਿਆਣੀ ਨੇ ਕਿਹਾ ਹੈ ਕਿ ਉਸ ਦੇ 6 ਦਿਨ ਦੇ ਪੁਲਿਸ ਰਿਮਾਂਡ ਦੌਰਾਨ ਉਸ ਨੂੰ ਡੀਐਸਪੀ, ਇੰਸਪੈਕਟਰ ਅਤੇ ਹੋਰਾਂ ਦੇ ਰੂਪ ਵਿਚ ਬੁਲਾ ਕੇ ਪੁੱਛਗਿੱਛ ਕੀਤੀ ਗਈ। ਉਸ ‘ਤੇ ਹਰ ਤਰ੍ਹਾਂ ਦੀ ਤਾਕਤ ਵਰਤੀ ਗਈ ਜਿਸ ਵਿਚ ਜ਼ੁਬਾਨੀ ਅਤੇ ਸਰੀਰਕ ਸ਼ੋਸ਼ਣ ਸ਼ਾਮਲ ਸੀ। ਕਲਿਆਣੀ ਨੇ ਕਿਹਾ ਕਿ ਉਸ ਨੂੰ ਧਮਕੀ ਦਿੱਤੀ ਗਈ ਅਤੇ ਮਾਨਸਿਕ ਤੌਰ ‘ਤੇ ਦਬਾਅ ਪਾਇਆ ਗਿਆ ਅਤੇ ਜ਼ੁਬਾਨੀ ਗਾਲ੍ਹਾਂ ਕੱਢੀਆਂ ਗਈਆਂ ਅਤੇ ਕਤਲ ਦੇ ਜੁਰਮ ਨੂੰ ਕਬੂਲ ਕਰਨ ਲਈ ਕਿਹਾ ਗਿਆ।

ਅਜਿਹੇ ਵਿਚ ਕਲਿਆਣੀ ਨੇ ਮੰਗ ਕੀਤੀ ਹੈ ਕਿ ਸੈਕਟਰ 30 ਸਥਿਤ ਸੀਬੀਆਈ ਦਫ਼ਤਰ ਵਿਚ ਲਏ ਗਏ 6 ਦਿਨਾਂ ਦੇ ਰਿਮਾਂਡ ਦੀ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਿਆ ਜਾਵੇ। ਇਸ ਵਿਚ ਵੀਡੀਓਗ੍ਰਾਫੀ ਅਤੇ ਆਡੀਓਗ੍ਰਾਫੀ ਵੀ ਸ਼ਾਮਲ ਹੈ। ਕਲਿਆਣੀ ਨੇ ਕਿਹਾ ਹੈ ਕਿ ਜਾਂਚ ਦੇ ਨਾਂ ‘ਤੇ ਉਸ ‘ਤੇ ਤਸ਼ੱਦਦ ਕੀਤਾ ਗਿਆ।