ਲੁਧਿਆਣਾ ‘ਚ ਘਰੇਲੂ ਕਲੇਸ਼ ਕਰਕੇ ਜੇਠ ਨੇ ਕੀਤਾ ਭਰਜਾਈ ਦਾ ਕਤਲ

0
620

ਲੁਧਿਆਣਾ/ਸਮਰਾਲਾ, 13 ਸਤੰਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਪਿੰਡ ਜਲਣਪੁਰ ਵਿਖੇ ਘਰੇਲੂ ਕਲੇਸ਼ ਕਾਰਨ ਜੇਠ ਮੋਹਣ ਸਿੰਘ ਨੇ ਆਪਣੀ ਭਰਜਾਈ ਕਰਮਜੀਤ ਕੌਰ (40) ਦਾ ਚਾਕੂ ਨਾਲ ਕਤਲ ਕਰ ਦਿੱਤਾ। ਮ੍ਰਿਤਕਾ ਦੇ ਪਤੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮੋਹਣ ਸਿੰਘ ਦੇ ਪਰਿਵਾਰ ’ਚ 5 ਬੱਚੇ ਹਨ। ਪਰਿਵਾਰ ’ਚ ਘਰੇਲੂ ਕਲੇਸ਼ ਚੱਲਦਾ ਰਹਿੰਦਾ ਸੀ ਜੋ ਕਿ ਕਤਲ ਦਾ ਕਾਰਨ ਬਣਿਆ। ਉਸ ਦੀ ਘਰਵਾਲੀ ਛੱਤ ’ਤੇ ਕੱਪੜੇ ਸੁੱਕਣੇ ਪਾਉਣ ਗਈ ਹੋਈ ਸੀ ਤਾਂ ਉਸ ਦੇ ਭਰਾ ਨੇ ਚਾਕੂ ਨਾਲ ਉਸ ਦੀ ਪਤਨੀ ’ਤੇ ਹਮਲਾ ਕਰ ਦਿੱਤਾ।

ਪੁਲਿਸ ਚੌਕੀ ਬਰਧਾਲਾਂ ਦੇ ਇੰਚਾਰਜ ਪਵਿੱਤਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੋਹਣ ਸਿੰਘ ਵੱਲੋਂ ਛੋਟੀ ਜਿਹੀ ਗੱਲ ਨੂੰ ਲੈ ਕੇ ਹੋਏ ਝਗੜੇ ਕਰਕੇ ਆਪਣੀ ਭਰਜਾਈ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਜਦੋਂ ਇਸ ਘਟਨਾ ਬਾਰੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਕਰਮਜੀਤ ਨੂੰ ਇਲਾਜ ਲਈ ਸਿਵਲ ਹਸਪਤਾਲ ਖੰਨਾ ਲਿਜਾਇਆ ਗਿਆ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮੋਹਣ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।