PSPCL ਦਾ JE ਰਿਸ਼ਵਤ ਲੈਣ ਦੇ ਦੋਸ਼ ‘ਚ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ, ਬਿਜਲੀ ਮੀਟਰ ਤੇ ਟਰਾਂਸਫਰ ਲਵਾਉਣ ਬਦਲੇ ਮੰਗੇ ਸਨ 20 ਹਜ਼ਾਰ

0
476

ਚੰਡੀਗੜ੍ਹ | ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਇੱਕ ਜੂਨੀਅਰ ਇੰਜੀਨੀਅਰ (ਜੇਈ) ਬਖਸ਼ੀਸ਼ ਸਿੰਘ ਨੂੰ 20 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਸਬ-ਸਟੇਸ਼ਨ ਗੁਰੂਹਰਸਹਾਏ ਜਿਲਾ ਫਿਰੋਜ਼ਪੁਰ ਵਿਖੇ ਤਾਇਨਾਤ ਮੁਲਜ਼ਮ ਜੇ.ਈ. ਬਖਸ਼ੀਸ਼ ਸਿੰਘ ਨੂੰ ਦਲੀਪ ਸਿੰਘ ਵਾਸੀ ਪਿੰਡ ਕੁੱਟੀ ਅਤੇ ਪਵਨ ਕੁਮਾਰ ਵਾਸੀ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾਵਾਂ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਪਰੋਕਤ ਜੇਈ ਨੇ ਫਿਰੋਜ਼ਪੁਰ ਦੇ ਪਿੰਡ ਮੋਠਾਂ ਵਾਲਾ ਵਿੱਚ ਦਲੀਪ ਸਿੰਘ ਦੀ ਆਟਾ ਚੱਕੀ ਵਿੱਚ ਬਿਜਲੀ ਦਾ ਮੀਟਰ ਅਤੇ ਨਾਲ ਟਰਾਂਸਫਾਰਮਰ ਲਗਾਉਣ ਦੇ ਬਦਲੇ ਉਸ ਪਾਸੋਂ ਚਾਰ ਕਿਸ਼ਤਾਂ ਵਿੱਚ 20 ਹਜ਼ਾਰ ਦੀ ਰਿਸ਼ਵਤ ਹਾਸਲ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਮੁਲਜ਼ਮ ਅਧਿਕਾਰੀ ਨੂੰ ਵੱਖ-ਵੱਖ ਸਮੇਂ ‘ਤੇ ਰਿਸ਼ਵਤ ਲੈਂਦੇ ਹੋਏ ਸਾਰੀ ਗੱਲਬਾਤ ਰਿਕਾਰਡ ਕੀਤੀ ਅਤੇ ਵੀਡੀਓ ਕਲਿੱਪ ਵੀ ਬਣਾ ਲਈ ਸੀ ਜੋ ਉਨਾਂ ਸ਼ਿਕਾਇਤ ਨਾਲ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਤਫਤੀਸ਼ ਕਰਨ ਤੋਂ ਬਾਅਦ, ਵਿਜੀਲੈਂਸ ਬਿਊਰੋ ਨੇ ਮੁਲਜ਼ਮ ਅਧਿਕਾਰੀ ਨੂੰ ਸ਼ਿਕਾਇਤਕਰਤਾ ਤੋਂ 20 ਹਜ਼ਾਰ ਦੀ ਰਿਸ਼ਵਤ ਲੈਣ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।