ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਲੈਣਾ ਚਾਹੁੰਦਾ ਸੀ ਬਦਲਾ, ਬ੍ਰਿਟਿਸ਼ ਮਹਾਰਾਣੀ ਨੂੰ ਮਾਰਨ ਪਹੁੰਚਿਆ ਭਾਰਤੀ ਸਿੱਖ

0
4133

ਭਾਰਤੀ ਹੋਣ ਦਾ ਦਾਅਵਾ ਕਰਨ ਵਾਲਾ ਜਸਵੰਤ ਸਿੰਘ ਤੀਰ-ਕਮਾਨ ਲੈ ਕੇ ਮਹਾਰਾਣੀ ਐਲਿਜ਼ਾਬੇਥ-II ਦੇ ਮਹਿਲ ‘ਚ ਦਾਖਲ ਹੋਇਆ

ਲੰਡਨ | ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਇਕ ਵਿਅਕਤੀ ਤੀਰ-ਕਮਾਨ ਲੈ ਕੇ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ-II ਦੇ ਮਹਿਲ ਵਿੱਚ ਦਾਖਲ ਹੋ ਗਿਆ। ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੇਥ ਕ੍ਰਿਸਮਸ ਮਨਾਉਣ ਵਿੰਡਸਰ ਕੈਸਲ ਪਹੁੰਚੀ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾਵਰ ਜਸਵੰਤ ਸਿੰਘ ਚੈਲ 19 ਸਾਲ ਦਾ ਹੈ ਤੇ 1919 ਵਿੱਚ ਅੰਮ੍ਰਿਤਸਰ ਕਤਲੇਆਮ ਦਾ ਬਦਲਾ ਲੈਣ ਲਈ ਰਾਣੀ ਨੂੰ ਮਾਰਨ ਆਇਆ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

‘ਦਿ ਸਨ’ ਦੀ ਰਿਪੋਰਟ ਮੁਤਾਬਕ ਲੰਡਨ ਪੁਲਿਸ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਕਰਵਾ ਰਹੀ ਹੈ। ਜਸਵੰਤ ਸਿੰਘ ਨੂੰ ਮੈਡੀਕਲ ਕਰਮਚਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਇਸ ਘਟਨਾ ਦੀ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਜਸਵੰਤ ਸਿੰਘ ਤੀਰਾਂ ਨਾਲ ਲੈਸ ਨਜ਼ਰ ਆ ਰਿਹਾ ਹੈ। ਜਸਵੰਤ ਸਿੰਘ ਨੇ ਕ੍ਰਿਸਮਿਸ ਵਾਲੇ ਦਿਨ ਸਵੇਰੇ 8:06 ਵਜੇ ਸਨੈਪਚੈਟ ‘ਤੇ ਇਕ ਵੀਡੀਓ ਅਪਲੋਡ ਕੀਤਾ, ਜਿਸ ਨੂੰ ਵਿੰਡਸਰ ਕੈਸਲ ਦੇ ਅੰਦਰੋਂ ਹਿਰਾਸਤ ਵਿੱਚ ਲਿਆ ਗਿਆ ਹੈ।

‘ਇਹ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ‘ਚ ਮਾਰੇ ਗਏ ਲੋਕਾਂ ਦਾ ਬਦਲਾ ਹੈ’

ਜਸਵੰਤ ਨੇ ਆਪਣੀ ਆਵਾਜ਼ ਛੁਪਾਉਣ ਲਈ ਫਿਲਟਰ ਦੀ ਵਰਤੋਂ ਕੀਤੀ। ਉਸ ਨੇ ਇਕ ਹੂਡੀ ਤੇ ਇਕ ਮਾਸਕ ਪਾਇਆ ਹੋਇਆ ਸੀ। ਉਸ ਦਾ ਪਹਿਰਾਵਾ ਸਟਾਰ ਵਾਰਜ਼ ਫਿਲਮ ਤੋਂ ਪ੍ਰੇਰਿਤ ਜਾਪਦਾ ਹੈ।

ਉਸ ਨੇ ਵੀਡੀਓ ‘ਚ ਕਿਹਾ, ”ਮੈਨੂੰ ਮਾਫ ਕਰਨਾ। ਮੈਨੂੰ ਮਾਫ਼ ਕਰੋ, ਜੋ ਮੈਂ ਕੀਤਾ ਹੈ ਤੇ ਜੋ ਮੈਂ ਕਰਾਂਗਾ। ਮੈਂ ਮਹਾਰਾਣੀ ਐਲਿਜ਼ਾਬੇਥ ਨੂੰ ਮਾਰਨ ਦੀ ਕੋਸ਼ਿਸ਼ ਕਰਾਂਗਾ। ਇਹ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਵਿੱਚ ਮਾਰੇ ਗਏ ਲੋਕਾਂ ਦਾ ਬਦਲਾ ਹੈ।”

ਜਸਵੰਤ ਨੇ ਕਿਹਾ, ”ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ, ਜਿਨ੍ਹਾਂ ਨੂੰ ਜਲਿਆਂਵਾਲਾ ਬਾਗ ‘ਚ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਨੂੰ ਉਨ੍ਹਾਂ ਦੀ ਨਸਲ ਕਾਰਨ ਤੰਗ ਕੀਤਾ ਜਾਂਦਾ ਸੀ ਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ। ਮੈਂ ਇਕ ਭਾਰਤੀ ਸਿੱਖ ਹਾਂ। ਮੇਰਾ ਨਾਂ ਜਸਵੰਤ ਸਿੰਘ ਚੈਲ ਹੈ। ਮੇਰਾ ਨਾਂ ਡਾਰਥ ਜੋਨਸ ਹੈ।”

ਦੱਸ ਦੇਈਏ ਕਿ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਅੰਗਰੇਜ਼ਾਂ ਵੱਲੋਂ 379 ਲੋਕਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ 1200 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।

ਇਸ ਵੀਡੀਓ ਤੋਂ ਇਲਾਵਾ ਸਨੈਪਚੈਟ ‘ਤੇ ਇਕ ਸੰਦੇਸ਼ ਵੀ ਦਿੱਤਾ ਗਿਆ ਸੀ। ਇਸ ‘ਚ ਕਿਹਾ ਗਿਆ ਸੀ, ”ਜਿਨ੍ਹਾਂ ਨਾਲ ਮੈਂ ਗਲਤ ਕੀਤਾ ਹੈ ਜਾਂ ਜਿਨ੍ਹਾਂ ਨਾਲ ਝੂਠ ਬੋਲਿਆ, ਉਹ ਮੈਨੂੰ ਮਾਫ ਕਰ ਕਰਨ।”

ਮਹਿਲ ਦੀ ਬਾਹਰਲੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਜਸਵੰਤ

ਜਸਵੰਤ ਨੇ ਕਿਹਾ, ”ਜੇ ਤੁਹਾਨੂੰ ਇਹ ਮਿਲ ਗਿਆ ਹੈ ਤਾਂ ਜਾਣ ਲੈਣਾ ਕਿ ਮੇਰੀ ਮੌਤ ਨੇੜੇ ਹੈ। ਕਿਰਪਾ ਕਰਕੇ ਇਸ ਖਬਰ ਨੂੰ ਉਨ੍ਹਾਂ ਨਾਲ ਸਾਂਝਾ ਕਰੋ ਜੋ ਦਿਲਚਸਪੀ ਰੱਖਦੇ ਹਨ ਤੇ ਜੇ ਹੋ ਸਕੇ ਤਾਂ ਉਨ੍ਹਾਂ ਨੂੰ ਦੱਸੋ।”

ਪੁਲਿਸ ਨੇ ਅਜੇ ਤੱਕ ਹਮਲਾਵਰ ਦਾ ਨਾਂ ਜਾਰੀ ਨਹੀਂ ਕੀਤਾ। ਪੁਲਿਸ ਨੇ ਦੱਸਿਆ ਕਿ ਹਮਲਾਵਰ ਪੈਲੇਸ ਦੇ ਬਾਗ ‘ਚ ਸੈਰ ਕਰਦੇ ਹੋਏ ਸੀਸੀਟੀਵੀ ‘ਚ ਕੈਦ ਹੋ ਗਿਆ। ਉਹ ਬਾਹਰਲੀ ਕੰਧ ਟੱਪ ਕੇ ਅੰਦਰ ਗਿਆ। ਬ੍ਰਿਟਿਸ਼ ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ।