ਜਲ੍ਹਿਆਂਵਾਲਾ ਬਾਗ : ਇਤਿਹਾਸ ਨਾਲ ਛੇੜਛਾੜ, ਕ੍ਰਾਂਤੀਕਾਰੀਆਂ ਦੀਆਂ ਤਸਵੀਰਾਂ ਲਗਾਈਆਂ ਪਰ ਹਟਾ ਦਿੱਤੀ ਜਾਣਕਾਰੀ

0
963

ਅੰਮ੍ਰਿਤਸਰ। ਜਲਿਆਂਵਾਲਾ ਬਾਗ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ ਇੱਥੇ ਸੈਂਕੜੇ ਲੋਕਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ। ਇਸ ਘਟਨਾ ਤੋਂ ਪਹਿਲਾਂ ਆਜ਼ਾਦੀ ਸੰਗਰਾਮ ਨੂੰ ਲੈ ਕੇ ਸ਼ਹਿਰ ਵਿੱਚ ਜੋ ਲਹਿਰ ਚੱਲ ਰਹੀ ਸੀ, ਉਸ ਵਿੱਚ ਮੁੱਖ ਨਾਇਕ ਰਹੇ ਡਾ: ਸਤਿਆਪਾਲ, ਡਾ: ਸੈਫੂਦੀਨ ਕਿਚਲੂ, ਚੌਧਰੀ ਬੁੱਗਾ ਮੱਲ ਅਤੇ ਮਹਾਸ਼ਯ ਰਤਨ ਚੰਦ ਦੀਆਂ ਤਸਵੀਰਾਂ ਬਾਗ ਦੇ ਅੰਦਰ ਰੱਖੀਆਂ ਹੋਈਆਂ ਹਨ। ਉਨ੍ਹਾਂ ਦਾ ਯੋਗਦਾਨ ਕੀ ਸੀ ਅਤੇ ਕਿਸ ਤਰ੍ਹਾਂ ਉਨ੍ਹਾਂ ਨੇ ਰੋਲਟ ਐਕਟ ਵਿਰੁੱਧ ਆਵਾਜ਼ ਉਠਾ ਕੇ ਸਭ ਤੋਂ ਪਹਿਲਾਂ ਸੰਘਰਸ਼ ਛੇੜਿਆ, ਉਹ ਸਾਰਾ ਇਤਿਹਾਸ ਉਥੋਂ ਹਟਾ ਦਿੱਤਾ ਗਿਆ ਹੈ। ਅਜਿਹੇ ‘ਚ ਬਾਹਰੋਂ ਆਉਣ ਵਾਲੇ ਸੈਲਾਨੀ ਜਾਂ ਹੋਰ ਲੋਕ ਇਨ੍ਹਾਂ ਕ੍ਰਾਂਤੀਕਾਰੀਆਂ ਦੀਆਂ ਤਸਵੀਰਾਂ ਤਾਂ ਦੇਖਦੇ ਹਨ ਪਰ ਆਜ਼ਾਦੀ ਦੇ ਸੰਘਰਸ਼ ‘ਚ ਉਨ੍ਹਾਂ ਦੇ ਯੋਗਦਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ।

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਇਤਿਹਾਸ ਦੇ ਪ੍ਰੋ. ਦਰਬਾਰੀ ਲਾਲ ਨੇ ਕਿਹਾ ਕਿ ਜਲਿਆਂਵਾਲਾ ਬਾਗ ‘ਤੇ ਕਰੋੜਾਂ ਰੁਪਏ ਖਰਚ ਕਰਕੇ ਇਸ ਦਾ ਸਾਰਾ ਇਤਿਹਾਸ ਹੀ ਬਦਲ ਦਿੱਤਾ ਹੈ। ਜਿਸ ਕੰਪਨੀ ਨੂੰ ਇਸ ਦੇ ਸੁੰਦਰੀਕਰਨ ਦਾ ਠੇਕਾ ਦਿੱਤਾ ਗਿਆ ਸੀ, ਉਸ ਵਿਚ ਕਿਸੇ ਵੀ ਇਤਿਹਾਸਕਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇੱਥੇ ਨਾ ਸਿਰਫ਼ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ, ਸਗੋਂ ਉਸ ਥਾਂ ਦੇ ਨਿਸ਼ਾਨ ਵੀ ਹਟਾ ਦਿੱਤੇ ਗਏ ਹਨ ਜਿੱਥੇ ਜਨਰਲ ਡਾਇਰ ਨੇ ਖੜ੍ਹੇ ਹੋ ਕੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ।