ਜਲੰਧਰ|ਮਹਾਂਨਗਰ ਵਿੱਚ ਇੱਕ ਵਾਰ ਫਿਰ ਅਪਰਾਧ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਲੱਗਾ ਹੈ। ਹਰ ਰੋਜ਼ ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਰਾਮਾ ਮੰਡੀ ਥਾਣਾ ਖੇਤਰ ਦੇ ਕਰੋਲ ਬਾਗ ‘ਚ 24 ਸਾਲਾ ਨੌਜਵਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਕਰੋਲ ਬਾਗ ਦੇ ਰਹਿਣ ਵਾਲੇ ਸੁਪਰਨ ਸ਼ਰਮਾ ਉਰਫ ਸੈਂਡੀ ਨੇ ਮੰਗਲਵਾਰ ਦੇਰ ਰਾਤ ਆਪਣੇ ਘਰ ‘ਚ ਖੁਦ ਨੂੰ ਗੋਲੀ ਮਾਰ ਲਈ। ਨੌਜਵਾਨ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਗੋਲੀ ਲੱਗਣ ਨਾਲ ਸੈਂਡੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਦੇਰ ਰਾਤ ਜੌਹਲ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੈਂਡੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਥਾਣਾ ਰਾਮਾਮੰਡੀ ਦੀ ਪੁਲਿਸ ਨੇ ਨੌਜਵਾਨ ਸੈਂਡੀ ਦੇ ਘਰੋਂ ਉਸ ਦਾ ਪਿਸਤੌਲ ਬਰਾਮਦ ਕੀਤਾ ਹੈ। ਪਤਾ ਲੱਗਾ ਹੈ ਕਿ ਨੌਜਵਾਨ ਸੈਂਡੀ ਪੀ.ਏ.ਪੀ ਵਿਚ ਸ਼ੂਟਿੰਗ ਕਰਦਾ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ ਵਿੱਚ ਵੀ ਕੰਮ ਕਰ ਚੁੱਕਾ ਹੈ। ਕਾਫੀ ਸਮੇਂ ਤੋਂ ਉਹ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਸੀ।
ਪਿਤਾ ਸੰਜੀਵ ਕੁਮਾਰ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ। ਗੋਲੀ ਲੱਗਣ ਤੋਂ ਬਾਅਦ ਪਿਤਾ ਦੇ ਵੀ ਹੋਸ਼ ਉੱਡ ਗਏ। ਇਸ ਮਾਮਲੇ ਸਬੰਧੀ ਥਾਣਾ ਰਾਮਾਮੰਡੀ ਦੇ ਐਸਐਚਓ ਨੇ ਦੱਸਿਆ ਕਿ ਉਨ੍ਹਾਂ ਲਾਇਸੈਂਸੀ ਰਿਵਾਲਵਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਲਾਇਆ ਜਾ ਰਿਹਾ ਹੈ।