ਫਿਰ ਵਿਵਾਦਾਂ ’ਚ ਜਲੰਧਰ ਦਾ ਜੌਹਲ ਹਸਪਤਾਲ : ਜੱਚਾ-ਬੱਚਾ ਦੀ ਮੌਤ ਪਿੱਛੋਂ ਹੰਗਾਮਾ, ਆਰੋਪ-ਸਟਾਫ ਨੇ ਕਿਹਾ, ਪੈਸੇ ਦਵੋ ਤੇ ਡੈੱਡ ਬਾਡੀ ਲੈ ਜਾਓ

0
990

ਜਲੰਧਰ| ਰਾਮਾਮੰਡੀ ਸਥਿਤ ਜੌਹਲ ਹਸਪਤਾਲ ਦਾ ਵਿਵਾਦਾਂ ਨਾਲ ਨਾਤਾ ਛੁੱਟ ਨਹੀਂ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਹੰਗਾਮਾ ਹੁੰਦਾ ਹੀ ਰਹਿੰਦਾ ਹੈ। ਜੌਹਲ ਹਸਪਤਾਨ ਉਹੀ ਹੈ, ਜਿਥੇ ਕੁਝ ਦਿਨ ਪਹਿਲਾਂ ਸਾਬਕਾ ਫੌਜੀਆਂ ਨੇ ਪੀਏਪੀ ਨੇੜੇ ਹਾਵੀਏ ਨੂੰ ਬੰਦ ਕਰਕੇ ਧਰਨਾ ਲਗਾਇਆ ਸੀ। ਬਾਅਦ ਵਿਚ ਪੁਲਿਸ ਨੇ ਹਸਪਤਾਲ ਖਿਲਾਫ ਮਾਮਲਾ ਦਰਜ ਕਰਨ ਦਾ ਭਰੋਸਾ ਦਿਵਾ ਕੇ ਜਾਮ ਖੁੱਲਵਾਇਆ ਸੀ।

ਹੁਣ ਨਵਾਂ ਮਾਮਲਾ ਜੱਚਾ-ਬੱਚਾ ਦੀ ਮੌਤ ਨੂੰ ਲੈ ਕੇ ਹਸਪਤਾਲ ਸਾਹਮਣੇ ਆਇਆ ਹੈ। ਲੰਘੀ ਰਾਤ ਹਸਪਤਾਲ ਵਿਚ ਇਕ ਡਲਿਵਰੀ ਹੋਈ ਸੀ। ਜਿਸ ਮਹਿਲਾ ਦੀ ਡਲਿਵਰੀ ਹੋਈ ਉਸਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਡਲਿਵਰੀ ਦੇ ਬਾਅਦ ਉਨ੍ਹਾਂ ਨੂੰ ਬੱਚਾ ਦਿਖਾਇਆ ਨਹੀਂ ਗਿਆ। ਜਦੋਂ ਸਟਾਫ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਬੱਚਾ ਮਰ ਗਿਆ ਹੈ। ਬਾਅਦ ਵਿਚ ਦੱਸਿਆ ਗਿਆ ਕਿ ਮਹਿਲਾ ਦੀ ਵੀ ਮੌਤ ਹੋ ਗਈ ਹੈ।

ਇਸ ਤੋਂ ਬਾਅਦ ਇੰਨਾ ਹੰਗਾਮਾ ਹੋਇਆ ਕਿ ਹਸਪਤਾਲ ਦਾ ਨੇੜਲਾ ਸਾਰਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ। ਥਾਣਾ ਕੈਂਟ ਤੇ ਥਾਣਾ ਰਾਮਾਮੰਡੀ ਦੀ ਪੁਲਿਸ ਨੂੰ ਲਗਾਇਆ ਗਿਆ। ਦੇਰ ਰਾਤ ਮੌਕ ਉਤੇ ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੀ ਪੁੱਜੇ।

ਵਿਧਾਇਕ ਦੇ ਪੁੱਜਣ ਉਤੇ ਪੀੜਤ ਪੱਖ ਨੇ ਇਕ ਰਿਕਾਰਡਿੰਗ ਸੁਣਾਈ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਮਰੀਜ ਦੀ ਹਾਲਤ ਬਹੁਤ ਖਰਾਬ ਸੀ। ਡਲਿਵਰੀ ਦੇ ਬਾਅਦ ਬਲੀਡਿੰਗ ਰੁਕ ਨਹੀਂ ਰਹੀ ਸੀ। ਜਿਸ ਕਾਰਨ ਤੀਸਰਾ ਆਪ੍ਰੇਸ਼ਨ ਕਰਕੇ ਬੱਚੇਦਾਨੀ ਨੂੰ ਬਾਹਰ ਕੱਢਣਾ ਪਿਆ। ਇਸ ਪ੍ਰੋਸੈੱਸ ਦੌਰਾਨ ਬੱਚੇ ਦੀ ਮੌਤ ਹੋ ਗਈ ਤੇ ਮਹਿਲਾ ਵੀ ਚੱਲ ਵਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਮਹਿਲਾ ਦੇ ਤਿੰਨ ਮੇਜਰ ਆਪ੍ਰੇਸ਼ਨ ਕਰਕੇ ਬੱਚੇਦਾਨੀ ਨੂੰ ਬਾਹਰ ਕੱਢ ਦਿੱਤਾ ਗਿਆ ਪਰ ਉਨ੍ਹਾਂ ਨਾਲ ਡਾਕਟਰਾਂ ਨੇ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੀ ਆਪਣੀ ਮਰਜੀ ਨਾਲ ਸਭ ਕੁਝ ਕਰ ਦਿੱਤਾ ਗਿਆ। ਬਾਅਦ ਵਿਚ ਲੱਖਾਂ ਰੁਪਏ ਦਾ ਬਿੱਲ ਉਨ੍ਹਾਂ ਦੇ ਹੱਥਾਂ ਵਿਚ ਫੜਾ ਦਿੱਤਾ ਗਿਆ।

ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਜਦੋਂ ਲੱਖਾਂ ਰੁਪਏ ਦਾ ਬਿੱਲ ਫੜਾਇਆ ਗਿਆ ਤਾਂ ਨਾਲ ਹੀ ਇਹ ਵੀ ਕਿਹਾ ਗਿਆ ਕਿ ਬਿੱਲ ਦੇਵੋ ਤੇ ਡੈੱਡ ਬਾਡੀ ਲੈ ਜਾਓ। ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੇ ਵੀ ਜੌਹਲ ਹਸਪਤਾਲ ਦੇ ਡਾਕਟਰ ਬੀਐੱਸ ਜੌਹਲ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਉਸਨੂੰ ਵੀ ਸਾਫ ਕਹਿ ਦਿੱਤਾ ਕੇ ਪੈਸੇ ਜਮ੍ਹਾ ਕਰਵਾਓ ਤੇ ਡੈੱਡ ਬਾਡੀ ਲੈ ਜਾਓ। ਸ਼ੀਤਲ ਅੰਗੁਰਾਲ ਨੇ ਹਸਪਤਾਲ ਉਤੇ ਗੁੰਡਾਗਰਦੀ ਕਰਨ ਦੀ ਇਲਜਾਮ ਵੀ ਲਗਾਇਆ।

ਸ਼ੀਤਲ ਅੰਗੁਰਾਲ ਨੇ ਕਿਹਾ ਕਿ ਹਸਪਤਾਲ ਦੇ ਮਾਲਕ ਦੇ ਅਜਿਹੇ ਵਤੀਰੇ ਦੀ ਜਾਣਕਾਰੀ ਮਿਲਣ ਉਤੇ ਹੀ ਉਹ ਹਸਪਤਾਲ ਆਏ ਸਨ। ਵਿਧਾਇਕ ਦੇ ਹਸਪਤਾਲ ਆਉਣ ਉਤੇ ਪੁਲਿਸ ਦੇ ਆਲ੍ਹਾ ਅਧਿਕਾਰੀ ਵੀ ਮੌਕੇ ਉਤੇ ਪੁੱਜੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।