ਫਿਲੌਰ/ਜਲੰਧਰ | ਯੂਕੇ ‘ਚ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਯੂਕੇ ਦੀ ਅਦਾਲਤ ਨੇ ਉਸ ਦੇ ਪਤੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।
ਆਰੋਪੀ ਨੇ ਝਗੜੇ ਤੋਂ ਬਾਅਦ ਪਤਨੀ ਗੀਤਿਕਾ ਗੋਇਲ ਦੀ ਹੱਤਿਆ ਕਰ ਦਿੱਤੀ ਸੀ। ਇਸ ਵਹਿਸ਼ੀਪੁਣੇ ਤੋਂ ਬਾਅਦ ਆਰੋਪੀ ਨੇ ਲਾਸ਼ ਨੂੰ ਪਾਲੀਥੀਨ ‘ਚ ਲਪੇਟ ਕੇ ਸੜਕ ‘ਤੇ ਸੁੱਟ ਦਿੱਤਾ ਗਿਆ ਸੀ। ਹਾਲਾਂਕਿ ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਯੂਕੇ ਦੀ ਪੁਲਿਸ ਨੇ CCTV ਖੰਗਾਲੇ।
ਜਲੰਧਰ ਦੇ ਰਾਜਾ ਗਾਰਡਨ ਦੇ ਰਹਿਣ ਵਾਲੇ ਨੌਜਵਾਨ ਕਸ਼ਿਸ਼ ਦਾ ਵਿਆਹ ਫਿਲੌਰ ਦੀ ਰਹਿਣ ਵਾਲੀ ਗੀਤਿਕਾ ਗੋਇਲ ਨਾਲ 2016 ‘ਚ ਹੋਇਆ ਸੀ। ਫਿਲੌਰ ‘ਚ ਰਹਿੰਦਿਆਂ ਗੀਤਿਕਾ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਯੂਕੇ ਅਦਾਲਤ ਤੋਂ ਨਿਆਂ ਮਿਲਿਆ ਹੈ।
ਯੂਕੇ ਦੀ ਲੀਸਟਰ ਸਿਟੀ ‘ਚ 28 ਸਾਲ ਦੇ ਕਸ਼ਿਸ਼ ਨੇ ਮਾਰਚ ਮਹੀਨੇ ਪਤਨੀ ਦੀ ਚਾਕੂ ਦੇ 19 ਵਾਰ ਕਰਕੇ ਹੱਤਿਆ ਕਰ ਦਿੱਤੀ ਸੀ। ਮ੍ਰਿਤਕਾ ਦੇ ਪਰਿਵਾਰ ਦਾ ਆਰੋਪ ਸੀ ਕਿ 2016 ‘ਚ ਦੋਵਾਂ ਦਾ ਵਿਆਹ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਯੂਕੇ ਦੀ ਨਾਗਰਿਕਤਾ ਮਿਲ ਗਈ।
ਇਸ ਤੋਂ ਬਾਅਦ ਪਤੀ ਗੀਤਿਕਾ ਨੂੰ ਪ੍ਰੇਸ਼ਾਨ ਕਰਨ ਲੱਗਾ। ਇਸੇ ਕਾਰਨ ਉਨ੍ਹਾਂ ‘ਚ ਝਗੜਾ ਹੋਇਆ ਤੇ ਕਸ਼ਿਸ਼ ਨੇ ਉਸ ਦੀ ਹੱਤਿਆ ਕਰ ਦਿੱਤੀ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਗੀਤਿਕਾ ਦੇ ਭਰਾ ਹੇਮੰਤ ਨੂੰ ਫੋਨ ਕਰਕੇ ਕਿਹਾ ਕਿ ਗੀਤਿਕਾ ਬਿਨਾਂ ਕੁਝ ਦੱਸੇ ਕਿਤੇ ਚਲੀ ਗਈ ਹੈ। ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤਾਂ ਅਗਲੇ ਹੀ ਦਿਨ ਫੁੱਟਪਾਥ ਤੋਂ ਗੀਤਿਕਾ ਦੀ ਲਾਸ਼ ਮਿਲ ਗਈ।
ਇਸ ਦੌਰਾਨ ਪੁਲਿਸ ਦੇ ਹੱਥ ਇਕ CCTV ਫੁਟੇਜ ਲੱਗੀ, ਜਿਸ ਵਿੱਚ ਆਰੋਪੀ ਘਟਨਾ ਵਾਲੀ ਰਾਤ ਗੈਰਾਜ ‘ਚ ਜਾਂਦਾ ਤੇ ਕਾਰ ਕੱਢਦਾ ਨਜ਼ਰ ਆਇਆ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਤਾਂ ਉਸ ਨੇ ਜੁਰਮ ਕਬੂਲ ਕਰ ਲਿਆ।
ਜਾਂਚ ‘ਚ ਪਤਾ ਲੱਗਾ ਕਿ ਉਹ ਗੀਤਿਕਾ ਦੀ ਲਾਸ਼ ਨੂੰ ਖਿੱਚ ਕੇ ਲਿਆਇਆ ਤੇ ਫਿਰ ਕਾਰ ਦੀ ਡਿੱਕੀ ‘ਚ ਰੱਖ ਕੇ ਫੁੱਟਪਾਥ ‘ਤੇ ਸੁੱਟ ਆਇਆ।
ਜ਼ਿਕਰਯੋਗ ਹੈ ਕਿ ਗੀਤਿਕਾ ਦੇ ਪਿਤਾ ਵਰਿੰਦਰ ਗੋਇਲ ਕਈ ਸਾਲਾਂ ਤੋਂ ਲੰਡਨ ‘ਚ ਰਹਿ ਰਹੇ ਸਨ ਤੇ ਉਥੇ ਉਨ੍ਹਾਂ ਬਿਜ਼ਨੈੱਸ ਸ਼ੁਰੂ ਕੀਤਾ ਸੀ। ਵਿਆਹ ਤੋਂ ਬਾਅਦ ਕਸ਼ਿਸ਼ ਨੂੰ ਉਸ ਨੇ ਹੀ ਯੂਕੇ ਬੁਲਾਇਆ ਸੀ।