ਜਲੰਧਰ, 14 ਦਸੰਬਰ| ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਜ਼ਿਲ੍ਹਾ ਜਲੰਧਰ (ਵਿਧਾਨ ਸਭਾ ਹਲਕਾ ਆਦਮਪੁਰ) ਦੇ ਪਿੰਡ ਬੋਲੀਨਾ ਦੋਆਬਾ ਵਿਖੇ ਪਹੁੰਚੀ। ਇਸ ਮੌਕੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਵਿਭਾਗ ਤੋਂ ਡਾਇਰੈਕਟਰ ਪੰਕਜ ਕੁਮਾਰ ਤੇ ਦੂਰਦਰਸ਼ਨ ਤੋਂ ਰਾਜੇਸ਼ ਬਾਲੀ ਵਿਸ਼ੇਸ਼ ਤੌਰ ‘ਤੇ ਪਿੰਡ ਨੂੰ ਵੇਖਣ ਲਈ ਪੁੱਜੇ|
ਉਨ੍ਹਾਂ ਨਾਲ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਅਤੇ ਉਪ-ਪ੍ਰਧਾਨ ਭਾਜਪਾ ਪੰਜਾਬ, ਅਰੁਣ ਸ਼ਰਮਾ ਮੈਂਬਰ ਭਾਜਪਾ ਪ੍ਰਦੇਸ਼ ਕਾਰਜਕਾਰਨੀ ਪੰਜਾਬ ਨੇ ਪਿੰਡ ਦੇ ਹੋਏ ਵਿਕਾਸ ਕਾਰਜਾਂ ਨੂੰ ਵੇਖਿਆ ਅਤੇ ਭਾਰਤ ਸਰਕਾਰ ਵੱਲੋਂ ਸੋਲਰ ਪੈਨਲ ਦਾ ਲੋਕ ਅਰਪਣ ਵੀ ਕੀਤਾ।
ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਵਿਚ ਪਿੰਡ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਹੋਈਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਲਗਭਗ 130 ਵਿਅਕਤੀਆਂ ਨੇ ਕੈਂਪ ਦਾ ਲਾਭ ਉਠਾਇਆ। ਇਸ ਮੌਕੇ ਪਿੰਡ ਦੇ ਸਰਪੰਚ ਕੁਲਵਿੰਦਰ ਬਾਘਾ ਅਤੇ ਪਿੰਡ ਦੇ ਮੋਹਤਬਰ ਅਤੇ ਸਰਕਾਰੀ ਅਫਸਰ ਮੌਜੂਦ ਸਨ।