ਜਲੰਧਰ : ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਬੇਰੋਜ਼ਗਾਰ ਅਧਿਆਪਕਾਂ ਦਾ ਜ਼ਬਰਦਸਤ ਹੰਗਾਮਾ, ਪੁਲਿਸ ਨੇ ਘੜੀਸ-ਘੜੀਸ ਸੁੱਟੀਆਂ ਟੀਚਰਾਂ, Video

0
3960

ਜਲੰਧਰ | “ਵੋਟਾਂ ਵੇਲੇ ਬਾਪੂ ਕਹਿੰਦੇ, ਮੁੜ ਕੇ ਸਾਡੀ ਸਾਰ ਨਾ ਲੈਂਦੇ, ਜਾਂ ਸਾਨੂੰ ਰੋਜ਼ਗਾਰ ਦਿਓ, ਜਾਂ ਫੇਰ ਗੋਲੀ ਮਾਰ ਦਿਓ।” ਇਹ ਨਾਅਰੇ ਸਥਾਨਕ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੇ ਖੇਤਰ ਵਿੱਚ ਗੂੰਜਦੇ ਸੁਣੇ ਗਏ।

ਬੇਰੋਜ਼ਗਾਰ ਬੀਐੱਡ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਨੇ ਆਪਣੇ ਮਿੱਥੇ ਪ੍ਰੋਗਰਾਮ ਤਹਿਤ 2 ਰੋਜ਼ਾ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਭੰਡੀ ਪ੍ਰਚਾਰ ਮੁਹਿੰਮ ਚਲਾਈ। ਕਰੀਬ 7-8 ਕਿਲੋਮੀਟਰ ਦਾ ਪੈਦਲ ਮਾਰਚ ਕਰਦੇ ਹੋਏ ਬੇਰੋਜ਼ਗਾਰ ਸਰਕਾਰ ਦੀਆਂ ਨਾਕਾਮੀਆਂ ਬਾਰੇ ਪ੍ਰਚਾਰ ਕਰਦੇ ਰਹੇ।

ਆਖਿਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਹੁੰਚੇ ਬੇਰੋਜ਼ਗਾਰ ਅਧਿਆਪਕਾਂ ਨੇ ਜਿਵੇਂ ਹੀ ਪੁਲਿਸ ਰੋਕਾਂ ਪਾਰ ਕਰਕੇ ਕੋਠੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਪੁਲਿਸ ਨਾਲ ਕਾਫੀ ਖਿੱਚ-ਧੂਹ ਹੋਈ। ਇਸ ਮੌਕੇ ਇਕ ਅਧਿਆਪਕਾ ਬੇਹੋਸ਼ ਹੋ ਗਈ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਵਾਰ-ਵਾਰ ਮੀਟਿੰਗਾਂ ਦੇ ਲਾਰੇ ਲਾ ਕੇ ਜਾਂ ਮੀਟਿੰਗਾਂ ਕਰਕੇ ਵੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਤੋਂ ਟਾਲਾਮਟੋਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਮਾਜਿਕ ਸਿੱਖਿਆ, ਹਿੰਦੀ ਤੇ ਪੰਜਾਬੀ ਦੀਆਂ 9000 ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ। ਘਰ-ਘਰ ਰੋਜ਼ਗਾਰ ਦਾ ਚੋਣ ਵਾਅਦਾ ਕਿਸੇ ਵਿਸ਼ੇਸ਼ ਵਿਅਕਤੀ ਦਾ ਨਹੀਂ ਸਗੋਂ ਕਾਂਗਰਸ ਪਾਰਟੀ ਦਾ ਚੋਣ ਵਾਅਦਾ ਸੀ, ਜਿਸ ਤੋਂ ਸਰਕਾਰ ਮੁੱਕਰ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਉਹ ਲਗਾਤਾਰ ਹਲਕੇ ਦੇ ਵੋਟਰਾਂ ਨੂੰ ਕਾਂਗਰਸ ਸਰਕਾਰ ਤੇ ਸਿੱਖਿਆ ਮੰਤਰੀ ਦੀਆਂ ਵਾਅਦਾ-ਖਿਲਾਫੀਆਂ ਤੋਂ ਜਾਗਰੂਕ ਕਰ ਰਹੇ ਹਨ।

ਭਾਵੇਂ ਸਿੱਖਿਆ ਮੰਤਰੀ ਦੀ ਪਤਨੀ ਨੇ ਬੇਰੋਜ਼ਗਾਰਾਂ ਦੇ ਵਫ਼ਦ ਨੂੰ ਬੁਲਾ ਕੇ ਗੱਲਬਾਤ ਕੀਤੀ ਤੇ ਸਿੱਖਿਆ ਮੰਤਰੀ ਨਾਲ ਰਾਬਤਾ ਕਰਕੇ ਆਉਂਦੇ ਇਕ-ਦੋ ਦਿਨਾਂ ਵਿਚ ਮਸਲਾ ਹੱਲ ਕਰਨ ਦਾ ਲਾਰਾ ਦਿੱਤਾ ਪਰ ਬੇਰੋਜ਼ਗਾਰਾਂ ਨੇ ਮੁੜ ਨਵਾਂ ਸਾਲ 1 ਜਨਵਰੀ ਨੂੰ ਪਰਗਟ ਸਿੰਘ ਦੀ ਕੋਠੀ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।