ਜਲੰਧਰ : ਦੇਸੀ ਪਿਸਤੌਲ ਸਮੇਤ ਨੌਜਵਾਨ ਗ੍ਰਿਫਤਾਰ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਸੀ ਇਲਾਕੇ ‘ਚ

0
561

ਜਲੰਧਰ | ਇਥੋਂ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ। ਥਾਣਾ ਨੰ. 7 ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ ‘ਤੇ ਕਾਰਵਾਈ ਕਰਦਿਆਂ ਉਸ ਵੇਲੇ ਮਿੱਠਾਪੁਰ ਚੌਕ ਲਾਗਿਓਂ ਕਾਰ ਸਵਾਰ ਨੌਜਵਾਨ ਨੂੰ ਨਾਜਾਇਜ਼ ਹਥਿਆਰ ਸਮੇਤ ਕਾਬੂ ਕਰ ਲਿਆ ਜਦੋਂ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਲਾਕੇ ਵਿਚ ਘੁੰਮ ਰਿਹਾ ਸੀ।

ਏਡੀਸੀਪੀ ਅੱਦਿਤੇ ਕੁਮਾਰ ਨੇ ਦੱਸਿਆ ਕਿ ਥਾਣਾ 7 ਦੇ ਮੁਖੀ ਸਬ-ਇੰਸਪੈਕਟਰ ਪਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਚੀਮਾ ਚੌਕ ਵਿਚ ਨਾਕਾਬੰਦੀ ‘ਤੇ ਮੌਜੂਦ ਸਨ। ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦਿਵਿਅਮ ਬੱਬਰ ਵਾਸੀ ਰਾਮ ਲੀਲਾ ਪਾਰਕ ਸੋਢਲ ਨਗਰ ਜਲੰਧਰ ਜਿਸ ਕੋਲ ਨਾਜਾਇਜ਼ ਹਥਿਆਰ ਹੈ ਤੇ ਇਸ ਵੇਲੇ ਗੱਡੀ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਲਾਕੇ ਵਿਚ ਘੁੰਮ ਰਿਹਾ ਹੈ।

ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣੇਦਾਰ ਸੋਹਣ ਲਾਲ ਨੇ ਪੁਲਿਸ ਪਾਰਟੀ ਸਮੇਤ ਕੁੱਕੀ ਢਾਬੇ ਲਾਗੇ ਨਾਕਾਬੰਦੀ ਕਰ ਦਿੱਤੀ। ਜਿਵੇਂ ਹੀ ਉਕਤ ਨੰਬਰ ਦੀ ਗੱਡੀ ਨਾਕੇ ਤੋਂ ਲੰਘਣ ਲੱਗੀ ਤਾਂ ਪੁਲਿਸ ਪਾਰਟੀ ਨੇ ਉਸ ਨੂੰ ਰੋਕ ਕੇ ਗੱਡੀ ਵਿਚ ਸਵਾਰ ਨੌਜਵਾਨ ਦਾ ਨਾਂ ਪੁੱਛਿਆ ਤਾਂ ਉਸ ਨੇ ਦਿਵਿਅਮ ਬੱਬਰ ਉਰਫ ਗੰਜਾ ਦੱਸਿਆ। ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ ਇਕ ਦੇਸੀ ਪਿਸਟਲ ਅਤੇ ਇਕ ਪਿਸਟਲ ਸ਼ੇਪ ਲਾਈਟਰ ਬਰਾਮਦ ਹੋਇਆ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਏਡੀਸੀਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਨਾਜਾਇਜ਼ ਅਸਲਾ ਉਸ ਨੇ ਕਿਸ ਕੋਲੋਂ ਖਰੀਦਿਆ ਹੈ।