ਜਲੰਧਰ। ਭੋਗਪੁਰ, ਆਦਮਪੁਰ, ਪਤਾਰਾ, ਗੋਰਾਇਆ, ਬਿਲਗਾ, ਨਕੋਦਰ, ਲਾਂਬੜਾ ਅਤੇ ਫਗਵਾੜਾ ਥਾਣਿਆਂ ਦੇ ਇਲਾਕਿਆਂ ’ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਦਿਹਾਤੀ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਹਲਕਾ ਆਦਮਪੁਰ ਦੇ ਡੀ. ਐੱਸ. ਪੀ. ਸਰਬਜੀਤ ਰਾਏ ਦੇ ਦਿਸ਼ਾ-ਨਿਰਦੇਸ਼ਾਂ ’ਤੇ ਥਾਣਾ ਪਤਾਰਾ ਦੇ ਇੰਚਾਰਜ ਹਰਿੰਦਰ ਸਿੰਘ ਅਤੇ ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਹਰਦੀਪ ਸਿੰਘ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਲੁਟੇਰਿਆਂ ਦੇ ਕੰਮ ਕਰਨ ਦੇ ਤਰੀਕੇ ਨੂੰ ਜਾਣ ਕੇ ਪੁਲਸ ਵੀ ਹੈਰਾਨ ਰਹਿ ਗਈ। ਲੁਟੇਰੇ ਸਿਰਫ਼ ਵੀਰਵਾਰ ਦਾ ਦਿਨ ਛੱਡਦੇ ਸਨ ਅਤੇ ਬਾਕੀ 6 ਦਿਨ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਜੰਡੂ ਸਿੰਘਾ ਪੁਲਸ ਚੌਕੀ ’ਚ ਪੱਤਰਕਾਰਾਂ ਨੂੰ ਉਕਤ ਜਾਣਕਾਰੀ ਦਿੰਦਿਆਂ ਆਦਮਪੁਰ ਦੇ ਡੀ. ਐੱਸ. ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਅਮਰਜੀਤ ਸਿੰਘ ਜੋਜੋ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਜੈਤੇਵਾਲੀ, ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਅਤੇ ਬੰਟੀ ਪੁੱਤਰ ਰਾਜ ਕੁਮਾਰ ਵਾਸੀ ਰਾਮਾ ਮੰਡੀ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦੇ 2 ਹੋਰ ਸਾਥੀ ਗੁਰਪ੍ਰੀਤ ਸਿੰਘ ਗੋਪੀ ਅਤੇ ਤਰਨਦੀਪ ਸਿੰਘ ਸ਼ੀਬਾ ਦੋਵੇਂ ਵਾਸੀ ਪਿੰਡ ਨੰਗਲ ਸ਼ਾਮਾ ਜ਼ਿਲ੍ਹਾ ਜਲੰਧਰ ਫਰਾਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਡੀ. ਐੱਸ. ਪੀ. ਰਾਏ ਨੇ ਦੱਸਿਆ ਕਿ ਫੜੇ ਗਏ ਲੁਟੇਰਿਆਂ ਨੇ 2 ਦਰਜਨ ਤੋਂ ਵੱਧ ਵਾਰਦਾਤਾਂ ਕਬੂਲੀਆਂ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਲੁਟੇਰਿਆਂ ਦੇ ਕਬਜ਼ੇ ’ਚੋਂ 5 ਮੋਟਰਸਾਈਕਲ, 12 ਮੋਬਾਇਲ ਫੋਨ, ਨਕਲੀ ਪਿਸਤੌਲ, 3 ਗੈਸ ਸਿਲੰਡਰ, 10 ਪਰਸ, 8 ਏ. ਟੀ. ਐੱਮ. ਕਾਰਡ, 3 ਪੈਨ ਕਾਰਡ, 8 ਆਧਾਰ ਕਾਰਡ, 3 ਆਰ. ਸੀ. ਅਤੇ 7 ਲਾਇਸੈਂਸ ਜ਼ਬਤ ਕੀਤੇ ਹਨ। ਦੋਸ਼ੀਆਂ ਖ਼ਿਲਾਫ਼ ਜ਼ਿਲ੍ਹਾ ਦਿਹਾਤੀ ਪੁਲਸ ਦੇ ਵੱਖ-ਵੱਖ ਥਾਣਿਆਂ ’ਚ ਚੋਰੀ ਤੇ ਲੁੱਟ-ਖੋਹ ਦੇ ਕਈ ਕੇਸ ਦਰਜ ਹਨ। 2 ਫਰਵਰੀ ਨੂੰ ਜੰਡੂ ਸਿੰਘਾ ਚੌਕੀ ਦੀ ਪੁਲਸ ਵੱਲੋਂ ਕਾਬੂ ਕੀਤੇ ਗਏ ਜੋਜੋ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਰਾਹਗੀਰਾਂ ਨੂੰ ਨਕਲੀ ਪਿਸਤੌਲ ਵਿਖਾ ਕੇ ਆਪਣਾ ਸ਼ਿਕਾਰ ਬਣਾਉਂਦੇ ਸਨ ਅਤੇ ਉਨ੍ਹਾਂ ਦੇ ਪਰਸ ਅਤੇ ਮੋਬਾਇਲ ਫੋਨ ਵੀ ਖੋਹ ਲੈਂਦੇ ਸਨ। ਉਹ ਲੁੱਟੇ ਗਏ ਮੋਬਾਇਲਾਂ ਨੂੰ ਰਾਮਾ ਮੰਡੀ ਦੇ ਰਹਿਣ ਵਾਲੇ ਬੰਟੀ ਅਤੇ ਸ਼ੰਟੀ ਨੂੰ ਵੇਚ ਦਿੰਦੇ ਸਨ।
ਡੀ. ਐੱਸ. ਪੀ. ਰਾਏ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਪੁਲਸ ਲਈ ਉਨ੍ਹਾਂ ਦੇ ਫਰਾਰ ਸਾਥੀਆਂ ਤੱਕ ਪੁੱਜਣਾ ਆਸਾਨ ਹੋ ਜਾਵੇ। ਪੁਲਸ ਨੂੰ ਉਨ੍ਹਾਂ ਕੋਲੋਂ ਹੋਰ ਬਰਾਮਦਗੀ ਦੀ ਉਮੀਦ ਹੈ।
ਵੀਰਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਕਰਦੇ ਸਨ ਵਾਰਦਾਤਾਂ
ਪੁੱਛਗਿੱਛ ਦੌਰਾਨ ਅਮਰਜੀਤ ਸਿੰਘ ਜੋਜੋ ਨੇ ਦੱਸਿਆ ਹੈ ਕਿ ਉਹ ਵੀਰਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ 6 ਦਿਨ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਵੀਰਵਾਰ ਵਾਲੇ ਦਿਨ ਪੀਰਾਂ ਦੀ ਜਗ੍ਹਾ ’ਤੇ ਮੱਥਾ ਟੇਕਣ ਲਈ ਜਾਂਦੇ ਸਨ ਅਤੇ ਸਾਰਾ ਦਿਨ ਉੱਥੇ ਹੀ ਬਿਤਾਉਂਦੇ ਸਨ। ਜੋਜੋ ਨੇ ਦੱਸਿਆ ਕਿ ਉਹ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਲੁੱਟੇ ਗਏ ਪੈਸਿਆਂ ਨਾਲ ਇੰਨਜੁਆਏ ਵੀ ਕਰਦੇ ਸਨ। ਵਾਰਦਾਤਾਂ ਕਰਨ ਲਈ ਉਨ੍ਹਾਂ ਕੋਲ ਹਰ ਸਮੇਂ ਨਕਲੀ ਪਿਸਤੌਲ ਅਤੇ ਦਾਤਰ ਹੁੰਦਾ ਸੀ।