ਜਲੰਧਰ : ਪ੍ਰੇਮੀ ਨੇ ਜਲਦੀ ਵਿਆਹ ਕਰਵਾਉਣ ਲਈ ਲੜਕੀ ‘ਤੇ ਪਾਇਆ ਦਬਾਅ, ਮਾਰੇ ਥੱਪੜ, ਪ੍ਰੇਮਿਕਾ ਨੇ ਰੇਲ ਗੱਡੀ ਅੱਗੇ ਮਾਰੀ ਛਾ.ਲ

0
377

ਜਲੰਧਰ, 25 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਵਿਖੇ ਇਕ ਪ੍ਰੇਮਿਕਾ ਵੱਲੋਂ ਕੀਤੇ ਗਏ ਕਾਰੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਉਸ ਦਾ ਪ੍ਰੇਮੀ ਉਸ ਨਾਲ ਜਲਦੀ ਵਿਆਹ ਕਰਵਾਉਣ ਚਾਹੁੰਦਾ ਸੀ, ਜਿਸ ਕਾਰਨ ਪ੍ਰੇਮਿਕਾ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਨਾਗਰਾ ਫਾਟਕ ਨੇੜੇ 20 ਸਾਲ ਦੀ ਕੁੜੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਥੇ ਰੇਲਵੇ ਲਾਈਨਾਂ ’ਤੇ ਕੰਮ ਕਰ ਰਹੇ ਲੋਕਾਂ ਨੇ ਇਹ ਵੇਖਿਆ ਅਤੇ ਕੁੜੀ ਦੀ ਭੱਜ ਕੇ ਜਾਨ ਬਚਾਈ। ਉਪਰੰਤ ਕੁੜੀ ਦੇ ਮੂੰਹ ’ਚੋਂ ਝੱਗ ਨਿਕਲਣ ਕਾਰਨ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਪਤਾ ਲੱਗਾ ਕਿ ਕੁੜੀ ਨੇ ਫਿਨਾਈਲ ਪੀਤੀ ਹੈ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਕਰਕੇ ਉਸ ਦੀ ਜਾਨ ਬਚਾਈ।

ਜਾਣਕਾਰੀ ਅਨੁਸਾਰ ਬਸਤੀ ਬਾਵਾ ਖੇਲ ਦੀ ਰਹਿਣ ਵਾਲੀ ਉਕਤ ਕੁੜੀ ਦਾ ਇਲਾਕੇ ਦੇ ਹੀ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸੰਬੰਧ ਸੀ। ਨੌਜਵਾਨ ਜਲਦੀ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਦੇ ਪ੍ਰੇਮੀ ਨੇ ਉਸ ਨਾਲ ਵਿਵਾਦ ਕੀਤਾ ਅਤੇ ਉਸ ਨਾਲ ਜਲਦੀ ਵਿਆਹ ਕਰਨ ਲਈ ਜ਼ੋਰ ਪਾਇਆ ਪਰ ਕੁੜੀ ਨੇ ਦਲੀਲ ਦਿੱਤੀ ਕਿ ਵਿਆਹ ਤੋਂ ਪਹਿਲਾਂ ਨੌਜਵਾਨ ਨੂੰ ਆਪਣਾ ਘਰ ਖ਼ਰੀਦਣਾ ਚਾਹੀਦਾ ਹੈ ਅਤੇ ਆਰਥਿਕ ਤੌਰ ’ਤੇ ਮਜ਼ਬੂਤ ​ਹੋਣਾ ਚਾਹੀਦਾ ਹੈ ਤਾਂ ਹੀ ਉਨ੍ਹਾਂ ਦੀ ਜ਼ਿੰਦਗੀ ਵਧੀਆ ਚੱਲ ਸਕਦੀ ਹੈ।

ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਨੌਜਵਾਨ ਨੇ ਕੁੜੀ ਨੂੰ ਥੱਪੜ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁੜੀ ਸ਼ਨੀਵਾਰ ਤੋਂ ਘਰੋਂ ਲਾਪਤਾ ਸੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਕੁੜੀ ਨਾਗਰਾ ਫਾਟਕ ਨੇੜੇ ਮਿਲੀ। ਜਾਂਚ ਅਧਿਕਾਰੀ ਏ. ਐੱਸ. ਆਈ. ਚੰਦ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।