ਜਲੰਧਰ| ਅਕਸਰ ਸਿਗਨਲ ‘ਤੇ ਸਾਨੂੰ ਮੰਗਤੇ-ਭਿਖਾਰੀ ਭੀਖ ਮੰਗਦੇ ਦਿਸ ਜਾਂਦੇ ਹਨ। ਲੋਕ ਤਰਸ ਕਰਕੇ ਉਨ੍ਹਾਂ ਨੂੰ ਪੈਸੇ ਵੀ ਦੇ ਦਿੰਦੇ ਹਨ ਪਰ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਵਿੱਚ ਮੰਗਤਿਆਂ ਦੀ ਅਸਲੀਅਤ ਸਾਹਮਣੇ ਆਈ। ਇਥੇ ਮੰਗਤੇ ਆਪਸ ਵਿੱਚ ਭਿੜ ਗਏ। ਮੰਗਤਿਆਂ ਨੇ ਇੱਕ ਦੂਜੇ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਹੱਥ ਵਿਚ ਬੈਸਾਖੀਆਂ ਵਾਲਾ ਭਿਖਾਰੀ ਵੀ ਆਪਣੇ ਦੋਵੇਂ ਪੈਰਾਂ ‘ਤੇ ਖਲੋ ਕੇ ਸਹੀ ਸਲਾਮਤ ਲੜ ਰਿਹਾ ਸੀ।
ਦਰਅਸਲ ਲੜਾਈ ਵੀ ਬੈਸਾਖੀਆਂ ਲੈ ਕੇ ਭੀਖ ਮੰਗਣ ਵਾਲੇ ਨੂੰ ਲੈ ਕੇ ਹੋਈ। ਭੀਖ ਮੰਗਣ ਵਾਲੀ ਇਕ ਔਰਤ ਨੇ ਕਿਹਾ ਕਿ ਇਕ ਲੰਗੜਾ ਭਿਖਾਰੀ ਸ਼ਰਾਬ ਪੀ ਕੇ ਉਸ ਨੂੰ ਅਸ਼ਲੀਲ ਇਸ਼ਾਰੇ ਕਰਦਾ ਹੈ।
ਕਰੀਬ ਅੱਧਾ ਘੰਟਾ ਲੜਾਈ ਚੱਲਦੀ ਰਹੀ। ਇੱਥੋਂ ਤੱਕ ਕਿ ਚੌਕ ਵਿੱਚ ਖੜ੍ਹੇ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਵੀ ਉਨ੍ਹਾਂ ਨੂੰ ਨਹੀਂ ਛੁਡਾਇਆ। ਲੋਕ ਵੀ ਅਰਾਮ ਨਾਲ ਖੜ੍ਹੇ ਮੰਗਤਿਆਂ ਵਿਚਕਾਰ ਚੱਲਦੀਆਂ ਲਾਠੀਆਂ ਨੂੰ ਦੇਖ ਰਹੇ ਸਨ। ਜਦੋਂ ਕਾਫੀ ਦੇਰ ਤੱਕ ਇਹ ਹੰਗਾਮਾ ਖਤਮ ਨਾ ਹੋਇਆ ਤਾਂ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਚੌਕ ‘ਚੋਂ ਮੰਗਤਿਆਂ ਨੂੰ ਭਜਾ ਦਿੱਤਾ।
ਔਰਤ ਨੇ ਸ਼ਰਾਬ ਦੇ ਨਸ਼ੇ ‘ਚ ਭਿਖਾਰੀ ‘ਤੇ ਅਸ਼ਲੀਲ ਇਸ਼ਾਰੇ ਕਰਨ ਦਾ ਦੋਸ਼ ਲਗਾਇਆ ਹੈ ਅਤੇ ਲੰਗੜੇ ਭਿਖਾਰੀ ਨੇ ਦੋਸ਼ ਲਾਇਆ ਕਿ ਔਰਤ ਨੇ ਉਸ ਦੇ ਪੁੱਤਰ ਨੂੰ ਕੁੱਟਿਆ ਹੈ, ਜਿਸ ਕਾਰਨ ਉਸ ਦੀ ਔਰਤ ਨਾਲ ਲੜਾਈ ਹੋ ਗਈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਹੋਰ ਮੰਗਤਿਆਂ ਨੇ ਲੜਾਈ ਵਿਚ ਕੁੱਦ ਕੇ ਇੱਕ ਦੂਜੇ ਨੂੰ ਡੰਡਿਆਂ ਨਾਲ ਕੁੱਟਿਆ।