ਜਲੰਧਰ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਕਾਰੋਬਾਰੀ ਦੇ ਪਰਿਵਾਰ ‘ਤੇ ਰਈਸਜ਼ਾਦਿਆਂ ਨੇ ਕੀਤਾ ਹਮਲਾ, ਮਹਿਲਾ ਨੂੰ ਵਾਲ਼ਾਂ ਤੋਂ ਫੜ ਕੇ ਕੁੱਟਿਆ, ਜਾਤੀਸੂਚਕ ਸ਼ਬਦ ਵੀ ਬੋਲੇ

0
1065

ਜਲੰਧਰ, 20 ਫਰਵਰੀ| ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਵਿਆਹ ਸਮਾਗਮ ਤੋਂ ਵਾਪਸ ਆ ਰਹੇ ਕਾਰੋਬਾਰੀ ਦੇ ਪਰਿਵਾਰ ਉਤੇ ਨਿਊ ਜਵਾਹਰ ਨਗਰ ਮਾਰਕੀਟ ਵਿਚ ਕਾਰ ਸਵਾਰ ਰਈਸਜ਼ਾਦਿਆਂ ਨੇ ਹਮਲਾ ਕਰ ਦਿੱਤਾ।

ਨੌਜਵਾਨਾਂ ਨੇ ਕਾਰੋਬਾਰੀ ਦੀ ਪਤਨੀ ਨੂੰ ਵਾਲ਼ਾਂ ਤੋਂ ਫੜ ਕੇ ਘੜੀਸਿਆ ਤੇ ਉਨ੍ਹਾਂ ਨੂੰ ਜਾਤੀਸੂਚਕ ਸ਼ਬਦ ਵੀ ਕਹੇ। ਮਹਿਲਾ ਦੀਆਂ ਅੱਖਾਂ ਤੇ ਪਿੱਠ ਉਤੇ ਸੱਟਾਂ ਲੱਗੀਆਂ ਹਨ, ਜਦੋਂਕਿ ਇਕ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜ਼ਖਮੀਆਂ ਦੀ ਪਛਾਣ ਸੁਰਾਜਗੰਜ ਦੀ ਰਹਿਣ ਵਾਲੀ ਰੋਜ਼ੀ ਤੇ ਜਾਰਜ ਵਜੋਂ ਹੋਈ ਹੈ। ਜਿਨ੍ਹਾਂ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਕਾਰੋਬਾਰੀ ਬੌਬੀ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਕਾਰ ਉਤੇ ਪਰਿਵਾਰ ਨਾਲ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਅਜਿਹੇ ਵਿਚ ਕਾਰ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਦੋਂ ਉਹ ਕਾਰ ਵਿਚੋਂ ਨਿਕਲੇ ਤਾਂ ਰਈਸਜ਼ਾਦਿਆਂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਦੀ ਪਤਨੀ ਤੇ ਬੇਟੀ ਨੂੰ ਮੁੰਡਿਆਂ ਨੇ ਗਲ਼ਤ ਇਸ਼ਾਰੇ ਕੀਤੇ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਮੁੰਡਿਆਂ ਨੇ ਉਸਦੀ ਘਰਵਾਲੀ ਦੀ ਅੱਖ ਉਤੇ ਮੁੱਕਾ ਮਾਰਿਆ ਤੇ ਫਿਰ ਵਾਲ਼ਾਂ ਤੋਂ ਫੜ ਕੇ ਘੜੀਸਿਆ ਤੇ ਬਾਅਦ ਵਿਚ ਉਸਦੇ ਦੋਸਤ ਜਾਰਜ ਨੂੰ ਜਾਤੀਸੂਚਕ ਸ਼ਬਦ ਵੀ ਬੋਲੇ ਤੇ ਉਸ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਫਰਾਰ ਹੋ ਗਏ।

ਇਸ ਦੌਰਾਨ ਉਨ੍ਹਾਂ ਦਾ ਫੋਨ ਹੇਠਾਂ ਡਿਗ ਗਿਆ, ਜਿਸਨੂੰ ਉਹ ਪੁਲਿਸ ਨੂੰ ਦੇਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਿਸੇ ਟਿਊਸ਼ਨ ਸੈਂਟਰ ਦੇ ਮਾਲਕ ਦੇ ਬੇਟੇ ਹਨ। ਹਮਲੇ ਦੌਰਾਨ ਉਨ੍ਹਾਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ।