ਜਲੰਧਰ| ਮਸ਼ਹੂਰ ਰੈਸਟੋਰੈਂਟ ਪੈਡਲਰ ਦੇ ਸ਼ੈੱਫ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਸ਼ੈੱਫ ਦੀ ਪਛਾਣ ਅਸਾਮ ਦੇ ਰਹਿਣ ਵਾਲੇ ਸਾਜਿੰਦਰ ਬਲਰਾਮਕਰ ਵਜੋਂ ਹੋਈ ਹੈ। ਉਹ ਮਾਡਲ ਟਾਊਨ ਵਿੱਚ ਸੇਵਾਮੁਕਤ ਕਰਨਲ ਬਲਦੇਵ ਸਿੰਘ ਥਿੰਦ ਦੀ ਕੋਠੀ ਵਿੱਚ ਕਿਰਾਏ ’ਤੇ ਰਹਿੰਦਾ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਰਾਤ ਵੇਲੇ ਛੱਤ ਤੋਂ ਡਿੱਗ ਗਿਆ ਸੀ।
ਕੋਠੀ ਦੇ ਮਾਲਕ ਕਰਨਲ ਬਲਦੇਵ ਸਿੰਘ ਥਿੰਦ ਨੇ ਦੱਸਿਆ ਕਿ ਉਸ ਦੀ ਭੈਣ ਵੀ ਨੇੜੇ ਹੀ ਰਹਿੰਦੀ ਹੈ। ਉਸ ਨੇ ਸਵੇਰੇ ਦੱਸਿਆ ਕਿ ਸਜਿੰਦਰ ਦੀ ਲਾਸ਼ ਕਮਰੇ ਦੇ ਬਾਹਰ ਪਈ ਸੀ। ਘਰ ਵਿੱਚ ਰਹਿੰਦੇ ਹੋਰ ਕਿਰਾਏਦਾਰਾਂ ਨੇ ਦੱਸਿਆ ਕਿ ਸਜਿੰਦਰ ਸਵੇਰੇ ਕਰੀਬ 2 ਵਜੇ ਕੰਮ ਤੋਂ ਘਰ ਪਰਤਿਆ ਸੀ ਪਰ ਸਵੇਰੇ ਕਮਰੇ ਦੇ ਬਾਹਰ ਉਸ ਦੀ ਲਾਸ਼ ਮਿਲੀ। ਕਿਰਾਏਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 6 ਦੇ ਇੰਚਾਰਜ ਮੇਜਰ ਸਿੰਘ ਮੌਕੇ ‘ਤੇ ਪੁੱਜੇ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮਾਡਲ ਟਾਊਨ ਗੁਰਦੁਆਰੇ ਦੇ ਸਾਹਮਣੇ ਕ੍ਰਿਸ ਕੈਥਨ ਜਿਮ ਨੂੰ ਜਾਂਦੀ ਸੜਕ ’ਤੇ ਕੋਠੀ ਨੰਬਰ 602 ਵਿੱਚ ਵਾਪਰੀ। ਫਿਲਹਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।