ਜਲੰਧਰ : ਰੇਹੜੀ-ਫੜ੍ਹੀ ਵਾਲਿਆਂ ਨੇ ਘੇਰਿਆ CP ਦਫਤਰ, ਬੋਲੇ- ਜੇ ਰੇਹੜੀਆਂ ਨਾ ਲਾਉਣ ਦਿੱਤੀਆਂ ਤਾਂ ਭੁੱਖੇ ਮਰ ਜਾਵਾਂਗੇ

0
1720

ਜਲੰਧਰ, 21 ਦਸੰਬਰ| ਜਲੰਧਰ ‘ਚ ਟ੍ਰੈਫਿਕ ਦੀ ਸਮੱਸਿਆ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ਹਿਰ ‘ਚ ਗਲਤ ਤਰੀਕੇ ਨਾਲ ਰੇਹੜੀਆਂ-ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾ ਰਹੀਆਂ, ਤਾਂ ਕਿ ਇਸ ਨਾਲ ਸ਼ਹਿਰ ‘ਚ ਟ੍ਰੈਫਿਕ ਦੀ ਸਮੱਸਿਆ ਨਾ ਹੋਵੇ। ਜਿਸ ਦੇ ਮੱਦੇਨਜ਼ਰ ਰੋਜ਼ਾਨਾ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ| ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਜਾਰੀ ਹੈ।

ਪੁਲਿਸ ਦੀ ਇਸੇ ਕਾਰਵਾਈ ਦੇ ਚਲਦਿਆਂ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਕੰਮ ਨਾ ਕੀਤਾ ਤਾਂ ਸਾਡਾ ਪਰਿਵਾਰ ਭੁੱਖਾ ਮਰ ਜਾਵੇਗਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰੇਹੜੀ-ਫੜ੍ਹੀ ਵਾਲਿਆਂ ਨੇ ਦੱਸਿਆ ਕਿ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਅਸੀਂ ਆਪਣਾ ਕੰਮ ਨਹੀਂ ਕਰ ਪਾ ਰਹੇ, ਕਿਉਂਕਿ ਇਹ ਲੋਕ ਸਾਨੂੰ ਰੇਹੜੀਆਂ ਲਗਾਉਣ ਦੀ ਇਜਾਜ਼ਤ ਨਹੀਂ ਦੇ ਰਹੇ, ਜਿਸ ਕਾਰਨ ਸਾਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਬਹੁਤ ਮੁਸ਼ਕਿਲ ਆ ਰਹੀ ਹੈ। ਅਜੇ ਵੀ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ ਅਤੇ ਧਰਨੇ ‘ਤੇ ਨਹੀਂ ਪਹੁੰਚੇ, ਜਿਸ ਦਿਨ ਸਾਰੇ ਆਏ, ਅਸੀਂ ਉਸ ਦਿਨ ਇਸ ਨੂੰ ਧਰਨਾ ਪ੍ਰਦਰਸ਼ਨ ਕਹਾਂਗੇ।

ਦੂਜੇ ਪਾਸੇ ਏਸੀਪੀ ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਬੈਠ ਕੇ ਗੱਲ ਕਰਨ ਲਈ ਕਿਹਾ ਗਿਆ ਹੈ ਪਰ ਉਹ ਹੜਤਾਲ ’ਤੇ ਬੈਠੇ ਹਨ। ਜੇਕਰ ਜਾਮ ਨਾ ਹਟਾਇਆ ਗਿਆ ਤੇ ਟ੍ਰੈਫਿਕ ਨੂੰ ਸਹੀ ਢੰਗ ਨਾਲ ਨਾ ਚੱਲਣ ਦਿੱਤਾ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।