ਜਲੰਧਰ ਦੇ ਸਪਾ ਸੈਂਟਰ ‘ਚ ਰੇਡ: ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਕਾਰਵਾਈ, 6 ਲੜਕੀਆਂ ਤੇ ਤਿੰਨ ਲੜਕੇ ਕਾਬੂ

0
901

ਜਲੰਧਰ| ਸ਼ਹਿਰ ਦੇ ਮਸਾਜ ਸੈਂਟਰਾਂ (ਸਪਾ) ਦੇ ਅੰਦਰ ਕੀ ਧੰਦਾ ਚੱਲ ਰਿਹਾ ਹੈ, ਇਸ ਦੀ ਪੋਲ ਸਪਾ ‘ਚ ਕੰਮ ਕਰਨ ਵਾਲੀ ਇਕ ਲੜਕੀ ਨੇ ਖੋਲ੍ਹ ਦਿੱਤੀ ਹੈ। ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਚੁਨਮੁਨ ਮਾਲ ਦੇ ਗਰਾਊਂਡ ਫਲੋਰ ’ਤੇ ਚੱਲ ਰਹੇ ਸਪਾ ਸੈਂਟਰ ਵਿੱਚ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ।

ਲੜਕੀ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਚੁਨਮੁਨ ਮਾਲ ਦੇ ਸਪਾ ਸੈਂਟਰ ‘ਤੇ ਛਾਪਾ ਮਾਰਿਆ ਅਤੇ ਉਥੋਂ 6 ਲੜਕੀਆਂ ਅਤੇ 3 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ। ਪੀੜਤਾ ਦਾ ਦੋਸ਼ ਹੈ ਕਿ ਸਪਾ ਦੀ ਮਾਲਕਣ ਨੇ ਸਰੀਰਕ ਸਬੰਧਾਂ ਦੌਰਾਨ ਉਸ ਦੀ ਵੀਡੀਓ ਬਣਾਈ। ਇਸ ਤੋਂ ਬਾਅਦ ਉਹ ਉਸ ਨੂੰ ਬਲੈਕਮੇਲ ਕਰ ਰਹੀ ਹੈ। ਲੜਕੀ ਨੇ ਦੱਸਿਆ ਕਿ ਮਾਲਕਣ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ।

ਪੀੜਤ ਲੜਕੀ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਰੀਬ ਡੇਢ ਮਹੀਨਾ ਪਹਿਲਾਂ ਚੁਨਮੁਨ ਮਾਲ ਸਥਿਤ ਸਪਾ ਸੈਂਟਰ ਵਿੱਚ ਕੰਮ ਕਰਨ ਆਈ ਸੀ। ਪੀੜਤਾ ਦਾ ਦੋਸ਼ ਹੈ ਕਿ ਉਸੇ ਸਮੇਂ ਸਪਾ ਸੈਂਟਰ ‘ਚ ਮਸਾਜ ਲਈ ਆਏ ਵਿਅਕਤੀ ਦੇ ਸਾਹਮਣੇ ਉਸ ਨੂੰ ਪਰੋਸਿਆ ਗਿਆ। ਸਪਾ ਦੀ ਮਾਲਕਣ ਨੇ ਮਸਾਜ ਲਈ ਆਏ ਵਿਅਕਤੀ ਨਾਲ ਸਬੰਧ ਬਣਾਉਣ ਲਈ ਉਸਨੂੰ ਮਜਬੂਰ ਕੀਤਾ।

ਪੀੜਤਾ ਨੇ ਸਿਮਰਨ, ਸ਼ਿਵਾਨੀ, ਤਨਵੀ ‘ਤੇ ਦੋਸ਼ ਲਾਇਆ ਹੈ ਕਿ ਤਿੰਨੋਂ ਉਸ ਨੂੰ ਬਲੈਕਮੇਲ ਕਰਕੇ ਮਜਬੂਰ ਕਰਦੀਆਂ ਸਨ, ਜਿਸ ਕਾਰਨ ਅੱਜ ਉਸ ਨੇ ਸਪਾ ਸੈਂਟਰ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ। ਦੂਜੇ ਪਾਸੇ ਪੀੜਤਾ ਦੀ ਸ਼ਿਕਾਇਤ ਮਿਲਣ ‘ਤੇ ਥਾਣਾ 6 ਦੇ ਇੰਚਾਰਜ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਜਿੱਥੇ ਉਨ੍ਹਾਂ ਸਪਾ ਸੈਂਟਰ ‘ਤੇ ਛਾਪਾ ਮਾਰਿਆ।

ਸ਼ਿਕਾਇਤ ਮਿਲਣ ‘ਤੇ ਜਦੋਂ ਪੁਲਿਸ ਨੇ ਚੁਨਮੁਨ ਮਾਲ ਦੇ ਸਪਾ ਸੈਂਟਰ ‘ਤੇ ਛਾਪਾ ਮਾਰਿਆ ਤਾਂ ਤਿੰਨ ਔਰਤਾਂ ਨੂੰ ਪਹਿਲਾਂ ਹੀ ਇਸ ਦੀ ਸੂਹ ਮਿਲ ਚੁੱਕੀ ਸੀ। ਤਿੰਨੇ ਔਰਤਾਂ ਪਿਛਲੇ ਦਰਵਾਜ਼ੇ ਰਾਹੀਂ ਫਰਾਰ ਹੋ ਗਈਆਂ। ਪੁਲਿਸ ਨੇ ਤਿੰਨਾਂ ਦਾ ਪਿੱਛਾ ਕਰਕੇ ਸੜਕ ’ਤੇ ਕਾਬੂ ਕਰ ਲਿਆ। ਔਰਤਾਂ ਦੇ ਫੜੇ ਜਾਣ ਤੋਂ ਬਾਅਦ ਮਹਿਲਾ ਪੁਲਿਸ ਮੁਲਾਜ਼ਮ ਤਿੰਨਾਂ ਨੂੰ ਸਪਾ ਸੈਂਟਰ ਲੈ ਗਈਆਂ।