ਜਲੰਧਰ : ਫਿਰੌਤੀ ਮੰਗਣ ਦੀ ਸਾਜ਼ਿਸ਼ ਘੜਨ ਵਾਲਾ ਪੁੱਤ ਹੀ ਨਿਕਲਿਆ ਮਾਸਟਰਮਾਈਂਡ, ਦੋਸਤਾਂ ਜ਼ਰੀਏ ਪਿਓ ਤੋਂ ਹੀ ਮੰਗੇ 5 ਲੱਖ

0
742

ਜਲੰਧਰ, ਨਕੋਦਰ, 25 ਫਰਵਰੀ | ਆਪਣੇ ਪਿਓ ਤੋਂ 5 ਲੱਖ ਰੁਪਏ ਏਂਠਣ ਦੀ ਸਾਜ਼ਿਸ਼ ਰਚਣ ਵਾਲਾ ਮਾਸਟਰਮਾਈਂਡ ਖੁਦ ਪੁੱਤ ਹੀ ਨਿਕਲਿਆ, ਜਿਸ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਫਿਰੌਤੀ ਮੰਗੀ ਸੀ। ਨਕੋਦਰ ਸਿਟੀ ਪੁਲਿਸ ਨੇ ਫਿਰੌਤੀ ਮਾਮਲੇ ਦਾ ਪਰਦਾਫਾਸ਼ ਕਰਦਿਆਂ ਇਹ ਖੁਲਾਸਾ ਕੀਤਾ ਹੈ। ਇਸ ਦੌਰਾਨ ਆਰੋਪੀ ਪੁੱਤ ਨੂੰ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ। ਇਕ ਸਾਥੀ ਅਜੇ ਫਰਾਰ ਹੈ।

ਨਕੋਦਰ ਥਾਣਾ ਸਿਟੀ ਦੇ ਮੁਖੀ ਧਰਮਿੰਦਰ ਕਲਿਆਣ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਪਿੰਡ ਮਾਲੜੀ ਨਿਵਾਸੀ ਗੁਰਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੂੰ ਇਕ ਫੋਨ ਤੋਂ ਕਾਲ ਆਈ, ਜਿਸ ਵਿਚ ਆਰੋਪੀ ਨੇ ਉਸ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ ਤੇ ਨਾ ਪੈਸੇ ਦੇਣ ਉਤੇ ਉਸਦੇ ਬੇਟੇ ਸੰਦੀਪ ਨੂੰ ਮਾਰਨ ਦੀ ਧਮਕੀ ਦਿੱਤੀ ਤੇ ਪੈਸੇ ਉਸ ਵਲੋਂ ਦੱਸੀ ਜਗ੍ਹਾ ਉਤੇ ਦੇਣ ਲਈ ਕਿਹਾ।

ਪੁਲਿਸ ਨੇ ਕਿਹਾ ਕਿ ਆਰੋਪੀਆਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਨਿਵਾਸੀ ਪਿੰਡ ਮਾਲੜੀ ਤੇ ਵਿਜੇ ਪੁੱਤਰ ਨਕੋਦਰ ਵਾਸੀ ਵਜੋਂ ਹੋਈ ਹੈ। ਕਾਬੂ ਕੀਤਾ ਸੰਦੀਪ ਸਿੰਘ ਵਾਸੀ ਪਿੰਡ ਮਾਲੜੀ ਸ਼ਿਕਾਇਤਕਰਤਾ ਗੁਰਦੀਪ ਸਿੰਘ ਦਾ ਬੇਟਾ ਹੀ ਹੈ, ਜਿਸ ਨੇ ਪਿਤਾ ਤੋਂ ਪੈਸੇ ਏਂਠਣ ਲਈ ਆਪਣੇ ਸਾਥੀ ਵਿਜੇ ਪੁੱਤਰ ਮਾਂਗੀ ਵਾਸੀ ਨਕੋਦਰ ਤੇ ਅਜੇ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਖੁਦ ਦੇ ਹੀ ਕਿਡਨੈਪ ਹੋਣ ਦੀ ਸਾਜ਼ਿਸ਼ ਰਚ ਕੇ ਆਪਣੇ ਪਿਤਾ ਨੂੰ ਧਮਕੀ ਆਪਣੇ ਸਾਥੀਆਂ ਤੋਂ ਦਿਵਾਈ। ਪੁਲਿਸ ਨੇ ਕਿਹਾ ਕਿ ਫੋਨ ਨੰਬਰ ਦੀ ਲੋਕੇਸ਼ਨ ਲਗਾਤਾਰ ਬਦਲ ਰਹੀ ਸੀ, ਕਦੇ ਬੰਦ ਹੋ ਜਾਂਦਾ ਸੀ, ਕਦੇ ਚਾਲੂ। ਲਗਾਤਾਰ ਜਾਂਚ ਉਪਰੰਤ ਵਿਜੇ ਨੂੰ ਕਾਬੂ ਕਰ ਲਿਆ ਗਿਆ। ਉਸਦੀ ਨਿਸ਼ਾਨਦੇਹੀ ਉਤੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।