ਜਲੰਧਰ| ਮਣੀਪੁਰ ‘ਚ ਹਿੰਸਾ ਖਿਲਾਫ ਪੰਜਾਬ ਬੰਦ ਦੌਰਾਨ ਜਲੰਧਰ ਦੇ ਕਪੂਰਥਲਾ ਚੌਕ ‘ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸਕਾਰਪੀਓ ਕਾਰ ਨੇ ਟੱਕਰ ਮਾਰ ਦਿੱਤੀ। ਦਰਅਸਲ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਚੌਕ ਬੰਦ ਰੱਖਿਆ ਹੋਇਆ ਸੀ ਕਿ ਇਸ ਦੌਰਾਨ ਇਕ ਸਕਾਰਪੀਓ ਚਾਲਕ ਜ਼ਬਰਦਸਤੀ ਗੱਡੀ ਨੂੰ ਉਥੋਂ ਭਜਾ ਰਿਹਾ ਸੀ। ਪ੍ਰਦਰਸ਼ਨਕਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਕੋਲੋਂ ਅਚਾਨਕ ਐਕਸੀਲੇਟਰ ਦੱਬ ਹੋ ਗਿਆ ਤੇ ਸਕਾਰਪੀਓ ਦੋ ਲੋਕਾਂ ਉਤੇ ਚੜ੍ਹ ਗਈ। ਜਿਸ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ। ਇੱਕ ਦੀ ਗਰਦਨ ਤੇ ਦੂਜੇ ਦੀ ਬਾਂਹ ‘ਤੇ ਸੱਟ ਲੱਗੀ ਸੀ।
ਇਸੇ ਤਰ੍ਹਾਂ ਦੀ ਮੋਗਾ ਤੋਂ ਵੀ ਇਕ ਬੁਰੀ ਖਬਰ ਸਾਹਮਣੇ ਆਈ ਹੈ। ਮੋਗਾ ਦੇ ਕੋਟ ਈਸੇਖਾਂ ਵਿਚ ਬੰਦ ਦੀ ਕਾਲ ਦੌਰਾਨ ਦੁਕਾਨਾਂ ਬੰਦ ਕਰਵਾਉਣ ਗਏ ਪ੍ਰਦਰਸ਼ਨਕਾਰੀਆਂ ਤੇ ਦੁਕਾਨਦਾਰਾਂ ਵਿਚਾਲੇ ਬਹਿਸ ਹੋ ਗਈ।
ਇਸ ਦੌਰਾਨ ਇਕ ਧਿਰ ਵਲੋਂ ਗੋਲ਼ੀ ਚਲਾਉਣ ਕਾਰਨ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਘਟਨਾ ਕੋਟ ਈਸੇ ਖਾਂ ਦੇ ਮਸੀਤਾ ਰੋਡ ਉਤੇ ਵਾਪਰੀ ਹੈ। ਇਥੇ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਤੇ ਦੁਕਾਨਦਾਰਾਂ ਵਿਚਾਲੇ ਤਲਖੀ ਵਧ ਗਈ ਸੀ। ਘਟਨਾ ਖਿਲਾਫ ਪ੍ਰਦਰਸ਼ਨਕਾਰੀਆਂ ਨੇ ਕੋਟ ਈਸੇ ਖਾਂ ਚੌਕ ਨੂੰ ਜਾਮ ਕਰ ਦਿੱਤਾ ਹੈ।






































