ਜਲੰਧਰ ਪੁਲਿਸ ਨੇ ਪਿੰਡ ਸਲੇਮਾ ਤੋਂ ਅੰਮ੍ਰਿਤਪਾਲ ਵਲੋਂ ਭੱਜਣ ਸਮੇਂ ਵਰਤੀ ਗੱਡੀ ਕੀਤੀ ਬਰਾਮਦ, ਕਾਰ ‘ਚੋਂ ਮਿਲੇ ਹਥਿਆਰ

0
409

ਜਲੰਧਰ | ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਵਲੋਂ ਲਗਾਤਾਰ ਕੋਸ਼ਿਸ਼ ਜਾਰੀ ਹੈ। ਜਾਣਕਾਰੀ ਅਨੁਸਾਰ ਜਿਸ ਗੱਡੀ ਵਿਚ ਅੰਮ੍ਰਿਤਪਾਲ ਸਿੰਘ ਭੱਜ ਰਿਹਾ ਸੀ, ਉਸ ਗੱਡੀ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।

ਇਹ ਬਰਾਮਦਗੀ ਜਲੰਧਰ ਦਿਹਾਤੀ ਪੁਲਿਸ ਵਲੋਂ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ਜ਼ਬਤ ਕੀਤੀ ਗੱਡੀ ਵਿਚੋਂ ਹਥਿਆਰ ਵੀ ਬਰਾਮਦ ਹੋਏ ਹਨ। ਦੱਸ ਦੇਈਏ ਕਿ ਜਲੰਧਰ ਦਿਹਾਤੀ ਪੁਲਿਸ ਨੇ ਮਹਿਤਪੁਰ ਦੇ ਪਿੰਡ ਸਲੇਮਾ ਤੋਂ ਇਹ ਗੱਡੀ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਗੱਡੀ ਵਿਚੋਂ ਕਿਰਪਾਨ, 315 ਬੋਰ ਰਾਈਫ਼ਲ ਅਤੇ ਕੁਝ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਤਾਂ ਗੱਡੀ ਲਾਕ ਸੀ। ਐਸ.ਐਸ.ਪੀ. ਨੇ ਪੁਸ਼ਟੀ ਕਰਦਿਆਂ ਕਿਹਾ ਕਿ ਜੋ ਕੱਲ੍ਹ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿਚ ਅੰਮ੍ਰਿਤਪਾਲ ਸਿੰਘ ਬੈਠਾ ਨਜ਼ਰ ਆ ਰਿਹਾ ਸੀ, ਇਹ ਉਹੀ ਗੱਡੀ ਹੈ। ਜਦੋਂ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਉਸ ਦਾ ਪਿੱਛਾ ਕਰ ਰਹੀ ਸੀ ਤਾਂ ਉਹ ਆਪਣੀ ਗੱਡੀ ਛੱਡ ਕੇ ਕਿਸੇ ਹੋਰ ਗੱਡੀ ਵਿਚ ਫਰਾਰ ਹੋ ਗਿਆ ਸੀ।

ਮੀਡੀਆ ਜ਼ਰੀਏ ਅੰਮ੍ਰਿਤਪਾਲ ਸਿੰਘ ਨੂੰ ਸੰਦੇਸ਼ ਦਿੰਦਿਆਂ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਕਿਹਾ ਕਿ ਜੇਕਰ ਉਹ ਸਾਨੂੰ ਸੁਣ ਜਾਂ ਦੇਖ ਰਿਹਾ ਹੋਵੇ ਤਾਂ ਇਹੀ ਕਹਿਣਾ ਹੈ ਕਿ ਇਹ ਕਾਨੂੰਨ ਦੀ ਲੜਾਈ ਹੈ, ਜਿਸ ਦਾ ਅੰਮ੍ਰਿਤਪਾਲ ਸਿੰਘ ਨੂੰ ਸਾਹਮਣਾ ਕਰਨਾ ਚਾਹੀਦਾ ਹੈ। ਕਾਨੂੰਨ ਮੁਤਾਬਕ ਜੋ ਵੀ ਕਾਰਵਾਈ ਹੋਵੇਗੀ ਉਹ ਹੀ ਕੀਤੀ ਜਾਵੇਗੀ।