Jalandhar News : ਰੇਲਵੇ ਟਰੈਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ ‘ਚ ਆਉਣ ਨਾਲ DSP ਦੇ ਪੁੱਤ ਦੀ ਮੌਤ

0
1234

ਜਲੰਧਰ | ਬਸ਼ੀਰਪੁਰ ਰੇਲਵੇ ਕਰਾਸਿੰਗ ਨੇੜੇ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਦਿਹਾਤੀ ਪੁਲੀਸ ਵਿਚ ਤਾਇਨਾਤ ਡੀਐਸਪੀ ਸੁਖਜੀਤ ਸਿੰਘ ਦੇ 28 ਸਾਲਾ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 28 ਸਾਲਾ ਅਜੇ ਪਾਲ ਸਿੰਘ ਉਰਫ ਲਾਲੀ ਵਜੋਂ ਹੋਈ ਹੈ। ਲਾਲੀ ਦਾ ਅੱਜ ਸਿਵਲ ਹਸਪਤਾਲ ਜਲੰਧਰ ਵਿਖੇ ਪੋਸਟਮਾਰਟਮ ਕੀਤਾ ਜਾਵੇਗਾ।

ਪੁਲਿਸ ਨੇ ਸੋਮਵਾਰ ਰਾਤ ਨੂੰ ਹੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਸੀ। ਪੁਲਿਸ ਨੂੰ ਲਾਲੀ ਦੀ ਜੇਬ ‘ਚੋਂ ਪਰਚੀ ਮਿਲੀ ਸੀ, ਜਿਸ ’ਤੇ ਡੀਐਸਪੀ ਸੁਖਜੀਤ ਸਿੰਘ ਦਾ ਫੋਨ ਨੰਬਰ ਲਿਖਿਆ ਹੋਇਆ ਸੀ। ਪਹਿਲਾਂ ਤਾਂ ਪੁਲਿਸ ਨੂੰ ਲੱਗਿਆ ਕਿ ਲਾਸ਼ ਅਣਪਛਾਤੀ ਹੈ ਪਰ ਪੁਲਿਸ ਦੀ ਚਿੰਤਾ ਵੱਧ ਗਈ ਕਿਉਂਕਿ ਉਕਤ ਨੰਬਰ ਡੀ.ਐਸ.ਪੀ. ਸੁਖਜੀਤ ਸਿੰਘ ਦਾ ਸੀ

ਜਦੋਂ ਤੁਰੰਤ ਡੀਐਸਪੀ ਸੁਖਜੀਤ ਨੂੰ ਉਨ੍ਹਾਂ ਦੇ ਨੰਬਰ ’ਤੇ ਫੋਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਲਾਸ਼ ਡੀਐਸਪੀ ਦੇ ਲੜਕੇ ਦੀ ਹੈ। ਲਾਲੀ ਦੀ ਜੇਬ ‘ਚੋਂ ਪਰਚੀ ਮਿਲਣ ਕਾਰਨ ਮਾਮਲੇ ਦੀ ਖੁਦਕੁਸ਼ੀ ਦੇ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ।

ਏਐਸਆਈ ਹੀਰਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ ਕੋਈ ਵੀ ਸ਼ੱਕੀ ਵਾਹਨ ਨਹੀਂ ਮਿਲਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਪੈਦਲ ਹੀ ਮੌਕੇ ‘ਤੇ ਪਹੁੰਚਿਆ ਸੀ। ਲਾਲੀ ਦਾ ਅੱਜ ਪੋਸਟ ਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਸਪੱਸ਼ਟ ਹੋ ਜਾਵੇਗਾ ਕਿ ਅਸਲ ਮਾਮਲਾ ਕੀ ਹੈ। ਇਸ ਦੌਰਾਨ ਲਾਲੀ ਦੀ ਮੌਤ ਨਾਲ ਡੀਐਸਪੀ ਸੁਖਜੀਤ ਸਿੰਘ ਅਤੇ ਉਸ ਦਾ ਪਰਿਵਾਰ ਸਦਮੇ ਵਿਚ ਹੈ। ਦੂਜੇ ਪੁੱਤਰ ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਲਾਲੀ ਦਾ ਸਸਕਾਰ ਜਲਦੀ ਹੀ ਕਰ ਦਿੱਤਾ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸੋਮਵਾਰ ਦੇਰ ਸ਼ਾਮ ਵਾਪਰਿਆ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹੀਰਾ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਦੇ ਬਾਅਦ ਉਹ ਜਾਂਚ ਲਈ ਮੌਕੇ ‘ਤੇ ਪਹੁੰਚੇ। ਦਾਦਰ ਐਕਸਪ੍ਰੈਸ ਦੀ ਲਪੇਟ ‘ਚ ਆਉਣ ਨਾਲ ਲਾਲੀ ਦੀ ਮੌਤ ਹੋ ਗਈ। ਜੀਆਰਪੀ ਥਾਣੇ ਦੀ ਪੁਲਿਸ ਨੇ ਡੀਐਸਪੀ ਦੇ ਪਿਤਾ ਦੇ ਬਿਆਨ ਦਰਜ ਕਰ ਲਏ ਹਨ।

ਇਸ ਦੇ ਨਾਲ ਹੀ ਟਰੇਨ ਦੇ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਘਟਨਾ ਦੇ ਸਮੇਂ ਲਾਲੀ ਰੇਲਵੇ ਟਰੈਕ ਪਾਰ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜਾਂਚ ਲਈ ਪਹੁੰਚੀ ਟੀਮ ਨੇ ਜਦੋਂ ਲਾਸ਼ ਦੀ ਤਲਾਸ਼ੀ ਲਈ ਤਾਂ ਉਸ ‘ਤੇ ਇਕ ਫੋਨ ਨੰਬਰ ਅਤੇ ਨਾਂ ਲਿਖਿਆ ਹੋਇਆ ਮਿਲਿਆ। ਪੁਲਿਸ ਨੇ ਦੱਸਿਆ ਕਿ ਜਦੋਂ ਅਸੀਂ ਫ਼ੋਨ ਕੀਤਾ ਤਾਂ ਪਤਾ ਲੱਗਾ ਕਿ ਇਹ ਮੋਬਾਈਲ ਨੰਬਰ ਡੀਐਸਪੀ ਸੁਖਜੀਤ ਸਿੰਘ ਦਾ ਹੈ।