ਜਲੰਧਰ . ਜ਼ਿਲ੍ਹੇ ਵਿੱਚ ਅੱਜ 63 ਹੋਰ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਇਨਾਂ ਵਿਚ ਸਰਕਾਰੀ ਮੈਰੀਟੋਰੀਅਸ ਸਕੂਲ ਦੇ ਕੋਵਿਡ ਕੇਅਰ ਸੈਂਟਰ ਤੋਂ 19, ਸਿਵਲ ਹਸਪਤਾਲ ਤੋਂ 9 ਅਤੇ ਆਈ.ਐਮ.ਏ. ਫੈਕਲਟੀ ਸੈਂਟਰ ਤੋਂ 3 ਮਰੀਜ਼ ਅਤੇ ਹੋਮ ਕੁਆਰੰਟੀਨ ਤੋਂ 32 ਮਰੀਜ਼ ਸ਼ਾਮਿਲ ਹਨ।
ਇਨ੍ਹਾਂ ਮਰੀਜ਼ਾਂ ਦਾ ਕੋਵਿਡ ਕੇਅਰ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਅਤੇ ਡਾ.ਜਗਦੀਸ਼ ਕੁਮਾਰ ਦੀ ਅਗਵਾਈ ਵਾਲੀਆਂ ਸਮਰਪਿਤ ਟੀਮਾ ਵਲੋਂ ਇਲਾਜ ਕੀਤਾ ਗਿਆ ਜਦਕਿ ਤਿੰਨ ਮਰੀਜ਼ਾਂ ਦਾ ਆਈ.ਐਮ.ਏ.ਫੈਕਲਟੀ ਸੈਂਟਰ ਵਿਖੇ ਇਲਾਜ ਚੱਲ ਰਿਹਾ ਸੀ।
ਇਸੇ ਤਰ੍ਹਾਂ 32 ਮਰੀਜ਼ਾਂ ਵਲੋਂ ਅਪਣਾ ਹੋਮ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ ਗਿਆ। ਇਨ੍ਹਾਂ ਮਰੀਜ਼ਾਂ ਦੀ ਸਿਹਤ ਵਿਭਾਗ ਵਲੋਂ ਹੋਮ ਕੁਆਰੰਟੀਨ ਦੇ ਸਮੇਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਜਿਨਾਂ ਨੇ ਅੱਜ ਸਫ਼ਲਤਾ ਪੂਰਵਕ ਅਪਣਾ ਹੋਮ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ ਹੈ।
ਛੁੱਟੀ ਮਿਲਣ ਸਮੇਂ ਇਨ੍ਹਾਂ ਮਰੀਜ਼ਾਂ ਵਲੋਂ ਡਾਕਟਰਾਂ, ਨਰਸਿੰਗ ਅਤੇ ਹੋਰ ਸਿਹਤ ਵਰਕਰਾਂ ਵਲੋਂ ਇਲਾਜ ਦੌਰਾਨ ਕੋਵਿਡ ਕੇਅਰ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਪਣੇ ਆਪ ਨੂੰ ਖ਼ਤਰੇ ਵਿੱਚ ਪਾ ਕੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਵਲੋਂ ਉਨ੍ਹਾਂ ਦੀ ਰੋਜ਼ਾਨਾਂ ਸਿਹਤ ਜਾਂਚ ਕੀਤੀ ਜਾਂਦੀ ਸੀ।
ਇਸ ਮੌਕੇਉਨ੍ਹਾਂ ਵਲੋਂ ਨੋਵਲ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਗਏ ਪੁਖ਼ਤਾ ਪ੍ਰਬੰਧਾਂ ‘ਤੇ ਤਸਲੀ ਦਾ ਪ੍ਰਗਟਾਵਾ ਕਰਦਿਆਂ ਤਹਿ ਦਿਲੋਂ ਸ਼ਲਾਘਾ ਕੀਤੀ ਗਈ।
ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਖਿਲਾਫ਼ ਜੰਗ ਪ੍ਰਭਾਵਸ਼ਾਲੀ ਢੰਗ ਨਾਲ ਲੜੀ ਜਾ ਰਹੀ ਹੈ ਅਤੇ ਸਿਹਤ ਟੀਮਾਂ ਅਤੇ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਇਸ ਖਿਲਾਫ਼ ਹਰ ਕੀਮਤ ‘ਤੇ ਜਿੱਤ ਪ੍ਰਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਜਿੱਤਣ ਲਈ ਵਚਨਬੱਧ ਹੈ।