ਜਲੰਧਰ ‘ਚ ਅੱਜ 54 ਹੋਰ ਮਰੀਜ਼ ਠੀਕ ਹੋਏ, ਕੋਵਿਡ ਕੇਅਰ ਸੈਂਟਰ, ਹਸਪਤਾਲ ਅਤੇ ਹੋਮ ਆਈਸੋਲੇਸ਼ਨ ਤੋਂ ਮਿਲੀ ਛੁੱਟੀ

0
625

ਜਲੰਧਰ . ਕੋਰੋਨਾ ਦੇ ਨਵੇਂ ਮਰੀਜ ਸਾਹਮਣੇ ਆਉਣ ਦੇ ਨਾਲ-ਨਾਲ ਸ਼ਹਿਰ ਵਿਚ ਮਰੀਜ ਠੀਕ ਵੀ ਹੋ ਰਹੇ ਹਨ। ਅੱਜ 54 ਹੋਰ ਮਰੀਜ਼ਾਂ ਜਿਨ੍ਹਾਂ ਵਿੱਚ ਸਿਵਲ ਹਸਪਤਾਲ ਤੋਂ ਚਾਰ, ਸਰਕਾਰੀ ਮੈਰੀਟੋਰੀਅਸ ਸਕੂਲ ਦੇ ਕੋਵਿਡ ਕੇਅਰ ਸੈਂਟਰ ਤੋਂ 19 ਅਤੇ ਮਿਲਟਰੀ ਹਸਪਤਾਲ ਤੋਂ ਦੋ ਅਤੇ ਬੀ.ਐਸ.ਐਫ. ਹਸਪਤਾਲ ਤੋਂ ਛੇ ਮਰੀਜ਼ਾਂ ਨੂੰ ਇਲਾਜ ਉਪਰੰਤ ਅਤੇ 23 ਮਰੀਜ਼ਾਂ ਨੂੰ ਹੋਮ ਕੁਆਰੰਟੀਨ ਦਾ ਸਮਾਂ ਪੂਰਾ ਕਰਨ ‘ਤੇ ਛੁੱਟੀ ਦਿੱਤੀ ਗਈ।

ਹੁਣ ਤੱਕ ਜਲੰਧਰ ਤੋਂ ਇਲਾਜ ਉਪਰੰਤ 1436 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ 544 ਮਰੀਜ਼ਾਂ ਦਾ ਵੱਖ-ਵੱਖ ਥਾਵਾਂ ‘ਤੇ ਇਲਾਜ ਚੱਲ ਰਿਹਾ ਹੈ ਅਤੇ 39 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਸੇ ਤਰ੍ਹਾਂ 23 ਮਰੀਜ਼ਾਂ ਦੀ ਸਿਹਤ ਵਿਭਾਗ ਵਲੋਂ ਹੋਮ ਕੁਆਰੰਟੀਨ ਦੇ ਸਮੇਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਜਿਨਾਂ ਨੇ ਅੱਜ ਸਫ਼ਲਤਾ ਪੂਰਵਕ ਅਪਣਾ ਹੋਮ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ ਹੈ।

ਛੁੱਟੀ ਮਿਲਣ ਸਮੇਂ ਇਨ੍ਹਾਂ ਮਰੀਜ਼ਾਂ ਵਲੋਂ ਡਾਕਟਰਾਂ, ਨਰਸਿੰਗ ਅਤੇ ਹੋਰ ਸਿਹਤ ਵਰਕਰਾਂ ਵਲੋਂ ਇਲਾਜ ਦੌਰਾਨ ਕੋਵਿਡ ਕੇਅਰ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ ਗਈ।

ਡੀਸੀ ਘਣਸ਼ਿਆਮ ਥੋਰੀ ਨੇ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾਕਟਰਾਂ ਵਲੋਂ ਮੁਹੱਈਆ ਕਰਵਾਏ ਗਏ ਮਿਆਰੀ ਇਲਾਜ ਸਦਕਾ ਇਹ ਮਰੀਜ਼ ਜਲਦੀ ਠੀਕ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰੀ ਨਹੀਂ ਜਦੋਂ ਜਲੰਧਰ ਪੂਰੀ ਤਰ੍ਹਾਂ ਕੋਵਿਡ-19 ਮੁਕਤ ਹੋ ਜਾਵੇਗਾ।

ਥੋਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸਮਾਜਿਕ ਦੂਰੀ, ਹੱਥ ਧੋਣਾ ਨੂੰ ਯਕੀਨ ਬਣਾਉਣ ਦੇ ਨਾਲ ਨਾਲ ਵਾਰ-ਵਾਰ ਚਹਿਰੇ, ਅੱਖਾਂ ਅਤੇ ਨੱਕ ਨੂੰ ਛੋਹਣ ਤੋਂ ਗੁਰੇਜ਼ ਕੀਤਾ ਜਾਵੇ।