ਜਲੰਧਰ: PIMS ਵਿਖੇ 350 ਬੈਡਾਂ ਦੀ ਕੋਵਿਡ ਕੇਅਰ ਸਹੂਲਤ ਸਥਾਪਿਤ ਹੋਵੇਗੀ – ਡੀਸੀ

0
497

ਜਲੰਧਰ . ਕੋਵਿਡ-19 ਮਹਾਂਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਸ (ਪਿਮਸ) ਵਿਖੇ 350 ਬੈਡਾਂ ਵਾਲੀ ਕੋਵਿਡ ਇਲਾਜ ਸਹੂਲਤ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਇਹ ਫ਼ੈਸਲਾ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ ਗਿਆ।

ਮੀਟਿੰਗ ਦੌਰਾਨ ਪਿਮਸ ਵਿਖੇ ਕੋਵਿਡ ਕੇਅਰ ਇਲਾਜ ਸਹੂਲਤ ਸਥਾਪਿਤ ਕਰਨ ਲਈ ਪ੍ਰਵਾਨਗੀ ਦਿੱਤੀ ਗਈ । ਉਨ੍ਹਾਂ ਕਿਹਾ ਕਿ ਇਸ ਜੇ ਲੋੜ ਪੈਂਦੀ ਹੈ ਤਾਂ ਇਸ ਸਬੰਧੀ ਐਮ.ਓ.ਯੂ. ਆਉਣ ਵਾਲੇ ਦਿਨਾਂ ਵਿੱਚ ਸਹੀਬੱਧ ਕੀਤਾ ਜਾਵੇਗਾ। ਪਿਮਸ ਨਾਲ ਐਮ.ਓ.ਯੂ ਸਹੀਬੱਧ ਹੋਣ ਉਪਰੰਤ ਸੂਬਾ ਸਰਕਾਰ ਵਲੋਂ ਇਸ ਨੂੰ ਕੋਵਿਡ ਆਈਸੋਲੇਸ਼ਨ ਸੈਂਟਰ ਐਲਾਨਿਆ ਜਾਵੇਗਾ।

ਉਚ ਪੱਧਰੀ ਟੀਮ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਜਦ ਸਾਰਾ ਵਿਸ਼ਵ ਕੋਵਿਡ –19 ਮਹਾਂਮਾਰੀ ਖਿਲਾਫ਼ ਜੰਗ ਲੜ ਰਿਹਾ ਹੈ ਤਾਂ ਪਿਮਸ ਵਲੋਂ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਹੋਣ ਕਰਕੇ ਇਥੇ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਵਧੀਅ ਬੁਨਿਆਦੀ ਢਾਂਚਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਦੂਰ ਅੰਦੇਸ਼ੀ ਸੋਚ ਸਦਕਾ ਕੋਰੋਨਾ ਵਾਇਰਸ ਦਾ ਇਕਜੁੱਟ ਹੋ ਕੇ ਮੁਕਾਬਲਾ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਨਿੱਜੀ ਹਸਪਤਾਲਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਥੋਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦਾ ਟਾਕਰਾ ਕਰਨ ਲਈ ਮਨੁੱਖੀ ਸਰੋਤਾਂ ਅਤੇ ਫੰਡਾਂ ਦੀ ਕੋਈ ਘਾਟ ਨਹੀਂ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਇਸ ਮਹਾਂਮਾਰੀ ਤੋਂ ਬਚਾਉਣ ਵੱਲ ਖ਼ਾਸ ਤਵੱਜੋਂ ਦਿੱਤੀ ਜਾ ਰਹੀ ਹੈ ਜਿਸ ਲਈ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਬਿਹਤਰ ਆਪਸੀ ਤਾਲਮੇਲ ਨਾਲ ਕੋਰੋਨਾ ਵਾਇਰਸ ਖਿਲਾਫ਼ ਅਸਰਦਾਰ ਢੰਗ ਨਾਲ ਟਾਕਰਾ ਕੀਤਾ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਡੀ ਸੁਧਰਵਿਜੀ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਡਾ.ਜੈ ਇੰਦਰ ਸਿੰਘ, ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ, ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ, ਐਸ.ਪੀ. ਰਵਿੰਦਰਪਾਲ ਸਿੰਘ ਸੰਧੂ ਅਤੇ ਹੋਰ ਵੀ ਹਾਜ਼ਰ ਸਨ।