ਨਕੋਦਰ/ਮੱਲ੍ਹੀਆਂ ਕਲਾਂ, 12 ਨਵੰਬਰ | ਸ਼ਨੀਵਾਰ ਦੁਪਹਿਰ ਮੋਗਾ-ਜਲੰਧਰ ਨੈਸ਼ਨਲ ਹਾਈਵੇਅ ਪਿੰਡ ਕੰਗ ਸਾਹਬੂ (ਨੇੜੇ ਦਿੱਲੀ ਕਟੜਾ ਐਕਸਪ੍ਰੈਸ ਵੇਅ) ਉਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਬੇਕਾਬੂ ਕੈਂਟਰ ਨੇ ਇਕ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਆਟੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਕੈਂਟਰ ਨੇ ਇਕ ਫਾਰਚੂਨਰ ਨੂੰ ਵੀ ਟੱਕਰ ਮਾਰ ਦਿੱਤੀ ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ ਫਾਰਚੂਨਰ ’ਚ ਸਵਾਰ ਦੋ ਵਿਅਕਤੀ ਵੀ ਮਾਮੂਲੀ ਜ਼ਖ਼ਮੀ ਹੋ ਗਈ। ਕੈਂਟਰ ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਦੀ ਪਛਾਣ ਇਕਬਾਲ ਮਸੀਹ ਉਰਫ ਕਾਲਾ (50) ਵਾਸੀ ਪਿੰਡ ਹੇਰਾ ਵਜੋਂ ਹੋਈ ਹੈ। ਸਦਰ ਥਾਣਾ ਦੇ ਏਐੱਸਆਈ ਜਨਕ ਰਾਜ ਤੇ ਏਐੱਸਆਈ ਅਮਰੀਕ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਇਸ ਹਾਦਸੇ ਤੋਂ ਬਾਅਦ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਲੋਕ ਕਾਫੀ ਦੇਰ ਤੱਕ ਜਾਮ ’ਚ ਫਸੇ ਰਹੇ। ਪੁਲਿਸ ਮੁਲਾਜ਼ਮਾਂ ਨੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਤੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪੁਲਿਸ ਨੇ ਮ੍ਰਿਤਕ ਦੀ ਲੜਕੀ ਦੇ ਬਿਆਨਾਂ ’ਤੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।