ਜਲੰਧਰ | ਜਲੰਧਰ ‘ਚ ਅੱਜ ਸਵੇਰ ਸਮੇਂ ਭਿਆਨਕ ਹਾਦਸਾ ਵਾਪਰ ਗਿਆ। ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ‘ਤੇ ਜਾ ਰਹੇ ਲੜਕਾ-ਲੜਕੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਟਰਾਲੀ ਦੇ ਹੇਠਾਂ ਫਸ ਗਿਆ।
ਕੁੜੀ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਦੋਂ ਕਿ ਲੜਕੇ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਹਾਦਸੇ ਦਾ ਸ਼ਿਕਾਰ ਹੋਏ ਲੜਕੇ ਦੀ ਪਛਾਣ ਮੰਗੂ ਬਸਤੀ ਸੰਤ ਨਗਰ ਦੇ ਰਹਿਣ ਵਾਲੇ ਪ੍ਰਸ਼ਾਂਤ ਤੇ ਲੜਕੀ ਦੀ ਪਛਾਣ ਮੁਸਕਾਨ ਗੜ੍ਹਦੀਵਾਲਾ ਵਜੋਂ ਹੋਈ ਹੈ। ਦੋਵੇਂ ਜੀਐੱਨਡੀਯੂ ਕਾਲਜ ਜਾ ਰਹੇ ਹਨ। ਜਦੋਂ ਦੋਵੇਂ ਲਿੰਕ ਕਾਲੋਨੀ ਕੋਲ ਪੁੱਜੇ ਤਾਂ ਹਾਦਸਾ ਵਾਪਰ ਗਿਆ।
ਦੋਵੇਂ ਮੋਟਰਸਾਈਕਲ ਸਣੇ ਟਰਾਲੀ ਦੇ ਹੇਠਾਂ ਫਸ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ। ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਵੱਲੋਂ ਫਰਾਰ ਹੋਏ ਟਰੈਕਟਰ ਚਾਲਕ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੋਟਰਸਾਈਕਲ ਨੂੰ ਜ਼ਬਤ ਕਰ ਲਿਆ ਗਿਆ ਹੈ। ਮੁਸਕਾਨ ਦੇ ਸਿਰ ‘ਚ ਸੱਟ ਲੱਗਣ ਕਾਰਨ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੈ, ਜਦੋਂ ਕਿ ਪ੍ਰਸ਼ਾਂਤ ਗੱਲਬਾਤ ਕਰ ਰਿਹਾ ਹੈ।
ਪੁਲਿਸ ਵੱਲੋਂ ਸ਼ਹਿਰ ਵਿੱਚ ਦਿਨ ਸਮੇਂ ਭਾਰੀ ਵਾਹਨਾਂ ਦੀ ਐਂਟਰੀ ‘ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਵਾਹਨ ਚਾਲਕਾਂ ਵੱਲੋਂ ਇਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜੋ ਕਿ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ।