ਜਲੰਧਰ : ਬਿਜਲੀ ਬੋਰਡ ਦਾ ਲਾਈਨਮੈਨ ਘਰਵਾਲੀ ਤੇ ਭਰਜਾਈ ਸਣੇ ਹੈਰੋਇਨ ਵੇਚਦਾ ਕਾਬੂ, ਕਰੋੜਾਂ ਦਾ ਨਸ਼ਾ ਬਰਾਮਦ

0
84

ਗੁਰਾਇਆ : ਪੰਜਾਬ ਰਾਜ ਬਿਜਲੀ ਬੋਰਡ (P.S.P.C.L.) ਵਿੱਚ ਕੰਮ ਕਰਦੇ ਇੱਕ ਨਸ਼ਾ ਤਸਕਰ ਨੂੰ ਉਸ ਦੀ ਪਤਨੀ ਅਤੇ ਭਰਜਾਈ ਸਮੇਤ ਗੁਰਾਇਆ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਗੁਰਾਇਆ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਗੁਰਾਇਆ ਦੇ ਲੰਗੜਾ ਇਲਾਕੇ ‘ਚ ਨਸ਼ਾ ਤਸਕਰ ਨਸ਼ਾ ਵੇਚ ਰਹੇ ਹਨ ਅਤੇ ਨੌਜਵਾਨ ਉਨ੍ਹਾਂ ਕੋਲ ਵੱਡੀ ਗਿਣਤੀ ‘ਚ ਨਸ਼ਾ ਕਰਨ ਲਈ ਆਉਂਦੇ ਹਨ, ਜਿਸ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੁਖਵਿੰਦਰ ਕੁਮਾਰ ਉਰਫ ਸੁੱਖਾ ਬੈਂਸ ਕੋਲੋਂ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਉਸ ਦੀ ਪਤਨੀ ਅੰਜਲੀ ਕੋਲੋਂ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਇਸ ਤੋਂ ਇਲਾਵਾ ਉਸਦੀ ਭਰਜਾਈ ਮੀਨਾ ਰਾਣੀ ਪਤਨੀ ਅਮਨਦੀਪ ਕੁਮਾਰ ਉਰਫ਼ ਰਿੰਕੂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਕਤ ਤਿੰਨਾਂ ਮੁਲਜ਼ਮਾਂ ਕੋਲੋਂ ਪੁਲਿਸ ਨੇ ਕੁੱਲ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਸੁਖਵਿੰਦਰ ਕੁਮਾਰ ਸੁੱਖਾ ਜੋ ਕਿ ਪੰਜਾਬ ਰਾਜ ਬਿਜਲੀ ਬੋਰਡ ਫਿਲੌਰ ਵਿੱਚ 3 ਸਾਲਾਂ ਤੋਂ ਬਤੌਰ ਲਾਈਨਮੈਨ ਕੰਮ ਕਰ ਰਿਹਾ ਹੈ। ਨੌਕਰੀ ਦੇ ਨਾਲ-ਨਾਲ ਉਹ ਨਸ਼ਾ ਵੀ ਵੇਚਦਾ ਸੀ। ਕਰੀਬ ਡੇਢ ਸਾਲ ਪਹਿਲਾਂ ਉਸ ਦਾ ਵਿਆਹ ਅੰਜਲੀ ਨਾਲ ਹੋਇਆ ਸੀ, ਜੋ ਨਸ਼ਾ ਵੇਚਣ ਦਾ ਧੰਦਾ ਕਰਦੀ ਸੀ।

ਐੱਸ.ਐੱਚ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੋਂ ਉਸਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਐੱਸ.ਐੱਚ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅੰਜਲੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਨਾਨਕਾ ਪਿੰਡ ਲਗਦੋਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ ਅਤੇ ਉਸ ਦੀ 8 ਮਹੀਨੇ ਦੀ ਬੱਚੀ ਹੈ। ਇਸ ਦੌਰਾਨ ਅੰਜਲੀ ਨੇ ਖੁਲਾਸਾ ਕੀਤਾ ਕਿ ਉਸ ਦਾ ਪਤੀ ਅਤੇ ਭਰਜਾਈ ਇਲਾਕੇ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ‘ਚ ਵੀ ਨਸ਼ਾ ਸਪਲਾਈ ਕਰਦੇ ਸਨ। ਉਕਤ ਮੀਨਾ ਰਾਣੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅੰਜਲੀ ਅਤੇ ਸੁਖਵਿੰਦਰ ਕੁਮਾਰ ਸੁੱਖਾ ਤੋਂ ਹੈਰੋਇਨ ਖਰੀਦਦੀ ਸੀ, ਸਾਥੀ ਅਮਨਦੀਪ ਕੁਮਾਰ ਉਰਫ ਰਿੰਕੂ ਜੋ ਕਿ ਵੱਡਾ ਸਮੱਗਲਰ ਹੈ ਅਤੇ ਇਸ ਸਮੇਂ ਕਪੂਰਥਲਾ ਜੇਲ੍ਹ ‘ਚ ਬੰਦ ਹੈ।