ਜਲੰਧਰ : ਨਾਬਾਲਗ ਧੀ 4 ਮਹੀਨਿਆਂ ਤੋਂ ਲਾਪਤਾ ਹੋਣ ਕਾਰਨ ਪਿਓ ਦਾ ਥਾਣੇ ਬਾਹਰ ਹੰਗਾਮਾ, ਕਿਹਾ-ਧੀ ਭੱਜਾ ਕੇ ਲੈ ਗਿਆ ਮੁੰਡਾ, ਪੁਲਿਸ ਨਹੀਂ ਕਰ ਰਹੀ ਕਾਰਵਾਈ

0
2628

ਜਲੰਧਰ | ਥਾਣਾ ਡਿਵੀਜ਼ਨ ਨੰਬਰ 8 ਦੇ ਬਾਹਰ ਇਕ ਪਰਿਵਾਰ ਨੇ ਹੰਗਾਮਾ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਪਿਛਲੇ 4 ਮਹੀਨਿਆਂ ਤੋਂ ਲਾਪਤਾ ਹੈ ਪਰ ਪੁਲਿਸ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੋਈ ਨੌਜਵਾਨ ਉਨ੍ਹਾਂ ਦੀ ਨਾਬਾਲਗ ਲੜਕੀ ਨੂੰ ਵਿਆਹ ਦੇ ਬਹਾਨੇ ਆਪਣੇ ਨਾਲ ਲੈ ਗਿਆ ਹੈ, ਜਿਸ ਦੀ ਪਹਿਚਾਣ ਪੁਲਿਸ ਨੂੰ ਵੀ ਦੱਸੀ ਗਈ ਸੀ ਪਰ ਫਿਰ ਵੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ।

ਪੀੜਤ ਨੇ ਦੱਸਿਆ ਕਿ ਪਰਿਵਾਰ ਨੇ ਕਮਿਸ਼ਨਰੇਟ ਪੁਲਿਸ ਕੋਲ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਉਥੋਂ ਉਸ ਨੂੰ ਥਾਣੇ ਭੇਜ ਦਿੱਤਾ ਗਿਆ। ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ 15 ਸਾਲਾ ਧੀ ਨੂੰ ਬਠਿੰਡਾ ਦਾ 35 ਸਾਲਾ ਨੌਜਵਾਨ ਵਰਗਲਾ ਕੇ ਲੈ ਗਿਆ ਹੈ। ਸੋਸ਼ਲ ਮੀਡੀਆ ‘ਤੇ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਹੁਣ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਰਾਜ਼ੀਨਾਮਾ ਕਰਨ ਲਈ ਦਬਾਅ ਪਾ ਰਿਹਾ ਹੈ।

ਪੀੜਤ ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਦੀ ਨਾਬਾਲਗ ਧੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਸ ਦੀ ਲੜਕੀ ਪਿਛਲੇ ਚਾਰ ਮਹੀਨਿਆਂ ਤੋਂ ਘਰ ਨਹੀਂ ਆਈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਦੂਜੀ ਧਿਰ ਤੋਂ ਪੈਸੇ ਲਏ ਹਨ, ਜਿਸ ਕਾਰਨ ਪੁਲਿਸ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ। ਇਸ ਦੇ ਨਾਲ ਹੀ ਪੀੜਤਾ ਨੇ ਮਾਮਲੇ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਸੌਂਪ ਦਿੱਤੀ ਹੈ, ਜਿਸ ‘ਚ ਨੌਜਵਾਨ ਪੀੜਤ ‘ਤੇ ਰਾਜ਼ੀਨਾਮੇ ਲਈ ਦਬਾਅ ਪਾ ਰਿਹਾ ਹੈ।