ਜਲੰਧਰ। ਸ਼ਹਿਰ ਵਿੱਚ PPR ਮਾਲ ਨਸ਼ੇੜੀਆਂ ਤੇ ਹੁੱਲੜਬਾਜ਼ਾਂ ਦਾ ਅੱਡਾ ਬਣਦਾ ਜਾ ਰਿਹਾ ਹੈ। ਆਏ ਦਿਨ ਇੱਥੇ ਕੋਈ ਨਾ ਕੋਈ ਪੰਗਾ ਜਾਂ ਲੜਾਈ ਦੇਖਣ ਨੂੰ ਮਿਲਦੀ ਹੀ ਰਹਿੰਦੀ ਹੈ। ਬੀਤੇ ਦਿਨੀ ਮਾਲ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੁੱਲੜਬਾਜ਼ਾਂ ਵੱਲੋਂ ਬੋਤਲਾਂ ਵਰ੍ਹਾਉਣ ਦਾ ਮਾਮਲਾ ਸੁਲਝਿਆ ਵੀ ਨਹੀਂ ਸੀ ਕਿ ਰਾਤ ਨੂੰ ਇੱਕ ਸ਼ਰਾਬੀ ਕਾਰ ਚਾਲਕ ਨੇ ਮਾਲ ਦੇ ਬਾਹਰ ਪੁਲਿਸ ਨਾਕੇ ‘ਤੇ ਖੜ੍ਹੇ ਕਰਮਚਾਰੀਆਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਇੱਕ ਆਈਪੀਐੱਸ ਅਧਿਕਾਰੀ ਦੀ ਵਰਦੀ ਨੂੰ ਹੱਥ ਪਾ ਲਿਆ। ਉਸ ਨੌਜਵਾਨ ਨੇ ਇੰਨੀ ਕੁ ਸ਼ਰਾਬ ਪੀਤੀ ਹੋਈ ਸੀ ਕਿ ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਮਹਿਲਾ ਏਸੀਪੀ ਨਾਲ ਵੀ ਬਦਸਲੂਕੀ ਕੀਤੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਲੋਕਾਂ ਦਾ ਵੀ ਗੁੱਸਾ ਭੜਕ ਗਿਆ ਅਤੇ ਉਸ ਸ਼ਰਾਬੀ ਨੌਜਵਾਨ ਦਾ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਨ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਦੁਸਹਿਰੇ ਦਾ ਦਿਨ ਹੋਣ ਕਾਰਨ ਬੁੱਧਵਾਰ ਸ਼ਾਮ ਕਮਿਸ਼ਨਰੇਟ ਪੁਲਿਸ ਵੱਲੋਂ ਪੀਪੀਆਰ ਮਾਰਕੀਟ ਵਿਚ ਜ਼ਬਰਦਸਤ ਨਾਕੇਬੰਦੀ ਕੀਤੀ ਹੋਈ ਸੀ। ਪੁਲਿਸ ਅਧਿਕਾਰੀ ਮਾਰਕੀਟ ਵਿੱਚ ਖੜ੍ਹੀਆਂ ਗੱਡੀਆਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਨਸ਼ੇ ਵਿੱਚ ਧੁੱਤ ਅਖਿਲ ਨਾਂ ਦੇ ਨੌਜਵਾਨ ਨੇ ਆਪਣੀ ਗੱਡੀ ਇੱਕ ਪੁਲਿਸ ਮੁਲਾਜ਼ਮ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ । ਜਿਸ ਤੋਂ ਬਾਅਦ ਨੌਜਵਾਨ ਨੇ ADCP ਅਤੇ ACP ਦੇ ਨਾਲ ਬਦਸਲੂਕੀ ਕੀਤੀ।
ਇਸ ਦੌਰਾਨ ਨਸ਼ੇ ‘ਚ ਧੁੱਤ ਨੌਜਵਾਨ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ। ਇਸ ਦੌਰਾਨ ਏਡੀਸੀਪੀ ਅਦਿੱਤਿਆ ਕੁਮਾਰ ਨੇ ਜਦੋਂ ਉਸ ਨੌਜਵਾਨ ਨੂੰ ਰੋਕਣਾ ਚਾਹਿਆ ਤਾਂ ਉਹ ਏਡੀਸੀਪੀ ਨਾਲ ਭਿੜ ਪਿਆ ਅਤੇ ਉਸ ਨੇ ਏਡੀਸੀਪੀ ਦੀ ਵਰਦੀ ਨੂੰ ਹੱਥ ਪਾ ਲਿਆ। ਏਡੀਸੀਪੀ ਨੇ ਉਸ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ ਕੀਤੇ। ਜਦੋਂ ਪੁਲਿਸ ਮੁਲਾਜ਼ਮ ਉਸ ਨੂੰ ਥਾਣੇ ਲੈ ਕੇ ਜਾਣ ਲੱਗੇ ਤਾਂ ਉਹ ਮੁਲਾਜ਼ਮਾਂ ਨਾਲ ਗਾਲੀ ਗਲੋਚ ਕਰਦਾ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ DCP ਜਗਮੋਹਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਅਖਿਲ ਖ਼ਿਲਾਫ਼ ਸਰਕਾਰੀ ਕਰਮਚਾਰੀ ਜਾਂ ਕਿਸੇ ਅਧਿਕਾਰੀ ਨਾਲ ਦੁਰਵਿਵਹਾਰ, ਉਸਨੂੰ ਨੁਕਸਾਨ ਪਹੁੰਚਾਉਣ ਲਈ ਹਮਲਾ ਕਰਨ ਤੇ ਉਸਦੇ ਕੰਮ ਵਿੱਚ ਰੁਕਾਵਟ ਪਾਉਣ ਲਈ ਧਾਰਾ 353,186,332, 33 ਅਤੇ ਜਨਤਕ ਥਾਂ ‘ਤੇ ਗਾਲ੍ਹਾਂ ਕੱਢਣ ਦੇ ਲਈ ਆਈਪੀਸੀ ਦੀ ਧਾਰਾ 294 ਅਤੇ ਸਰਕਾਰੀ ਕਰਮਚਾਰੀਆਂ ਨੂੰ ਆਪਣਾ ਪ੍ਰਭਾਵ ਦਿਖਾ ਕੇ ਡਰਾਉਣ ਲਈ ਧਾਰਾ 506 ਦੇ ਤਹਿਤ ਮਾਮਲਾ ਦਰਜ ਕੀਤਾ ਹੈ।