ਜਲੰਧਰ . ਨਕੋਦਰ ਰੋਡ ਤੇ ਅੱਜ ਸਵੇਰੇ ਗੋਲੀ ਚੱਲੀ, ਘਟਨਾ ਵਿਚ 1 ਨੌਜਵਾਨ ਜਖਮੀ ਹੋ ਗਿਆ। ਜਿਸਦਾ ਇਲਾਜ ਲੁਧਿਆਣਾ ਵਿਖੇ ਹਸਪਤਾਲ ਵਿਚ ਚਲ ਰਿਹਾ ਹੈ। ਪੁਲਿਸ ਵਲੋਂ ਤੜਕਸਾਰ ਗੋਲੀ ਚੱਲਣ ਦੀ ਵਾਪਰੀ ਘਟਨਾ ਵਿੱਚ ਮੁੱਖ ਦੋਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ 6 ਦੋਸ਼ੀਆਂ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ।
ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਨਿਤਿਨ ਅਰੋੜਾ ਨਾਮ ਦਾ ਨੌਜਵਾਨ ਨਕੋਦਰ ਰੋਡ ਨੇੜੇ ਲਵਲੀ ਟਿੰਬਰ ਹਾਊਸ ਵਿਖੇ ਗੋਲੀ ਲੱਗਣ ਕਰਕੇ ਜਖ਼ਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਤੇ ਨੌਜਵਾਨ ਵਲੋਂ ਪੁਲਿਸ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ‘ਤੇ ਹਮਲਾ ਉਸ ਦੇ ਵਿਰੋਧੀ ਗਰੁੱਪ ਵਲੋਂ ਕੀਤਾ ਗਿਆ ਹੈ। ਭੁੱਲਰ ਨੇ ਦੱਸਿਆ ਕਿ ਕੇਸ ਦੀ ਬਾਰੀਕੀ ਨਾਲ ਜਾਂਚ ਕਰਨ ‘ਤੇ ਪੁਲਿਸ ਵਲੋਂ ਰਜਤ ਗੰਗੋਤਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਗੋਲੀ ਚੱਲਣ ਦੀ ਇਸ ਘਟਨਾ ਵਿੱਚ ਨਿਤਿਨ ਅਰੋੜਾ ਨਾਲ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਰਜਤ ਤੋਂ ਪੁਛਗਿੱਛ ਕਰਨ ‘ਤੇ ਇਹ ਸਾਹਮਣੇ ਆਇਆ ਕਿ ਤਿੰਨ ਅਪਰਾਧੀ ਜੋ ਕਿ ਜੇਲ੍ਹ ਵਿੱਚ ਬੰਦ ਹਨ, ਵਲੋਂ ਸ਼ਹਿਰ ਵਿੱਚ ਅਪਰਾਧਿਕ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਗਰੁੱਪ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਗਰੁੱਪ ਦੇ ਅਨੇਕਾ ਅਣਪਛਾਤੇ ਨੌਜਵਾਨ ਰਜਤ ਗੰਗੋਤਰਾ, ਅਕਾਸ਼ਦੀਪ ਅਤੇ ਨਿਤਿਨ ਅਰੋੜਾ ਦੀ ਅਗਵਾਈ ਵਿੱਚ ਨਕੋਦਰ ਰੋਡ ਨੇੜੇ ਲਵਲੀ ਟਿੰਬਰ ਹਾਊਸ ਵਿਖੇ ਐਤਵਾਰ ਦੀ ਸਵੇਰੇ 1 ਵਜੇ ਕਿਸੇ ਅਪਰਾਧਿਕ ਘਟਨਾ ਨੂੰ ਅੰਜ਼ਾਮ ਦੇਣ ਲਈ ਹਥਿਆਰਾਂ ਸਮੇਤ ਇਕੱਤਰ ਹੋਏ। ਸ੍ਰੀ ਭੁੱਲਰ ਨੇ ਦੱਸਿਆ ਕਿ ਜੁਰਮ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਇਨ੍ਹਾਂ ਵਿਚਕਾਰ ਤਿੱਖੀ ਬਹਿਸ ਹੋਈ ਜਿਸ ‘ਤੇ ਰਜਤ ਗੰਗੋਤਰਾ ਨੇ ਆਕਸ਼ਦੀਪ ਨੂੰ ਨਿਤਿਨ ਅਰੋੜਾ ‘ਤੇ ਗੋਲੀ ਚਲਾਉਣ ਲਈ ਉਕਸਾਇਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਿਤਿਨ ਗੰਭੀਰ ਜਖ਼ਮੀ ਹੋ ਗਿਆ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿਥੋਂ ਉਸ ਨੂੰ ਡੀ.ਐਮ.ਸੀ.ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਨਾਂ ਨੌਜਵਾਨਾਂ ਵਲੋਂ ਅਪਰਾਧਿਕ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਣਾ ਸੀ।
ਪੁਲਿਸ ਵਲੋਂ ਇੰਡੀਅਨ ਪੀਨਲ ਕੋਡ ਦੀ ਧਾਰਾ 307, 160, 148,149 ਅਤੇ 120-ਬੀ, 25 ਆਰਮ ਐਕਟ ਅਤੇ ਐਪੀਡੈਮਿਕ ਡੀਸੀਜ ਐਕਟ ਦੀ ਧਾਰਾ 3 ਅਧੀਨ ਰਜਤ ਗੰਗੋਤਰਾ, ਅਕਾਸ਼ਦੀਪ ਅਤੇ ਨਿਤਿਨ ਅਰੋੜਾ ਤੇ ਤਿੰਨ ਹੋਰਨਾਂ ਸਮੇਤ ਅਨੇਕਾਂ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਇਸ ਸਬੰਧੀ ਅਗਲੇਰੀ ਪੁੱਛਗਿੱਛ ਚੱਲ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਸਲਾਖ਼ਾਂ ਪਿਛੇ ਭੇਜਿਆ ਜਾਵੇਗਾ।