ਜਲੰਧਰ, 4 ਫਰਵਰੀ | ਸਨੈਚਰਾਂ ਖਿਲਾਫ ਜਾਰੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ 2 ਨਾਮੀ ਸਨੈਚਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 5 ਮੋਟਰਸਾਈਕਲ ਅਤੇ ਇਕ ਮੋਬਾਇਲ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਦੇ ਲਾਡੋਵਾਲੀ ਰੋਡ ਇਲਾਕੇ ‘ਤੇ ਸਨੈਚਰ ਸਰਗਰਮ ਹਨ। ਉਨ੍ਹਾਂ ਕਿਹਾ ਕਿ ਇਤਲਾਹ ‘ਤੇ ਕਾਰਵਾਈ ਕਰਦੇ ਹੋਏ ਇਕ ਲੁਟੇਰੇ ਦੀ ਪਛਾਣ ਲਲਿਤ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਮੁਹੱਲਾ ਨੀਲੋਵਾਲ, ਬਿਲਗਾ ਜਲੰਧਰ ਵਜੋਂ ਹੋਈ ਹੈ, ਨੂੰ ਲਾਡੋਵਾਲੀ ਰੋਡ ਤੋਂ ਕਾਬੂ ਕੀਤਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲਲਿਤ ਤੋਂ ਹੋਰ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਸਨੇ ਆਪਣੇ ਸਾਥੀਆਂ ਉਦੈ ਵਾਲੀਆ ਪੁੱਤਰ ਮੰਗਤ ਰਾਮ ਵਾਸੀ ਪਿੰਡ ਬਿਲਗਾ ਜਲੰਧਰ ਅਤੇ ਅਜੈ ਪੁੱਤਰ ਸ਼ਿੰਦਰਪਾਲ ਵਾਸੀ ਮੁਹੱਲਾ ਕਾਲੋਨੀਆਂ ਪਿੰਡ ਬਿਲਗਾ ਜਲੰਧਰ ਨਾਲ ਮਿਲ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਪਾਰਟੀਆਂ ਨੇ ਛਾਪੇਮਾਰੀ ਕਰਕੇ ਉਦੈ ਨੂੰ 3 ਫਰਵਰੀ 2024 ਨੂੰ ਪਿੰਡ ਬਿਲਗਾ ਜਲੰਧਰ ਤੋਂ ਕਾਬੂ ਕਰ ਲਿਆ। ਪੁਲਿਸ ਨੇ ਉਸ ਦੇ ਘਰੋਂ ਚੋਰੀ ਦੇ 4 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਕੋਈ ਵੀ ਅਪਰਾਧਿਕ ਇਤਿਹਾਸ ਨਹੀਂ ਸੀ ਅਤੇ ਐਫਆਈਆਰ ਨੰਬਰ 17 ਮਿਤੀ 02-02-2024 ਅਧੀਨ 379ਬੀ, 379, 411 ਆਈਪੀਸੀ ਥਾਣਾ ਨਿਊ ਬਾਰਾਦਰੀ ਜਲੰਧਰ ਵਿਖੇ ਦਰਜ ਕੀਤੀ ਗਈ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿਚ ਬਾਕੀ ਰਹਿੰਦੇ ਅਪਰਾਧੀਆਂ ਨੂੰ ਵੀ ਜਲਦੀ ਹੀ ਸਲਾਖਾਂ ਪਿੱਛੇ ਭੇਜਿਆ ਜਾਵੇਗਾ।