ਨਿਊ ਅਮਰਦਾਸ ਕਲੋਨੀ ਦੀ ਇਕ ਕੋਠੀ ‘ਚ ਜੂਆ ਖੇਡਦੇ 11 ਗ੍ਰਿਫਤਾਰ, 19.82 ਲੱਖ ਰੁਪਏ, ਹਥਿਆਰ ਅਤੇ ਕਾਰਾਂ ਜਬਤ

0
1054

ਜਲੰਧਰ . ਨਿਊ ਅਮਰਦਾਸ ਕਲੋਨੀ ਦੇ ਇਕ ਘਰ ਵਿਚੋਂ ਜਲੰਧਰ ਪੁਲਿਸ ਨੇ 11 ਜੂਆ ਖੇਡਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ 19.82 ਲੱਖ ਰੁਪਏ ਦੀ ਨਕਦੀ, ਚਾਰ ਹਥਿਆਰ ਅਤੇ ਪੰਜ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ।

ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੁੱਚਾ ਸਿੰਘ (52) ਦਿਆਲਪੁਰ, ਸੰਦੀਪ ਸ਼ਰਮਾ (43) ਮਿੱਠਾ ਬਜ਼ਾਰ, ਦਵਿੰਦਰ (33) ਆਦਮਪੁਰ, ਵਿਸ਼ਾਲ ਭੱਲਾ (41) ਬਬੀਆ ਮਜ਼ਾਰ ਕਟਰਾ ਦੂਲੋ, ਮੋਹਿਤ (28) ਕਟਰਾ ਦੂਲੋ, ਰਿੱਕੀ (36) ਹਜ਼ਰਤ ਨਜਰ, ਕਮਲ ਕੁਮਾਰ (37) ਤੀਰਥ ਰੋਡ, ਭਾਨੂੰ (34) ਖੂਹ ਬੰਬੇ ਵਾਲਾ ਗੇਟ, ਕੌਸ਼ਲ ਕੁਮਾਰ (33) ਮਨੋਹਰ ਲਾਲ (34) ਰਾਮ ਬਾਗ਼ ਕੋਟ ਆਤਮਾ ਸਿੰਘ ਅਤੇ ਪ੍ਰਵੀਨ ਮਹਾਜਨ (41) ਖਰਾਸ ਵਾਲੀ ਗਲੀ ਨੇੜੇ ਅੰਮ੍ਰਿਤਸਰ ਬੱਸ ਸਟੈਂਡ ਵਜੋਂ ਹੋਈ ਹੈ।

ਪੁਲਿਸ ਨੇ ਇਨਾਂ ਪਾਸੋਂ 19.82 ਲੱਖ ਰੁਪਏ, ਤਿੰਨ .32 ਬੋਰ ਰਿਵੋਲਵਰ, ਇਕ .45 ਬੋਰ ਪਿਸਟਲ, ਪੰਜ ਕਾਰਾਂ ਅਤੇ ਦੋ ਤਾਸ਼ਾਂ ਵਾਲੀਆਂ ਡੱਬੀਆਂ ਜ਼ਬਤ ਕੀਤੀਆਂ ਗਈਆਂ ਹਨ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਤਲਾਹ ਮਿਲਣ ‘ਤੇ ਪੁਲਿਸ ਕਰਮੀਆਂ ਨੇ ਮਕਾਨ ਨੰਬਰ 3 ਗੁਰੂ ਅਮਰਦਾਸ ਕਲੋਨੀ ਵਿਖੇ ਛਾਪਾ ਮਾਰਿਆ। ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਉਨਾਂ ਪਾਸੋਂ ਨਕਦੀ, ਹਥਿਆਰ ਅਤੇ ਕਾਰਾਂ ਜ਼ਬਤ ਕੀਤੀਆਂ ਗਈਆਂ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੁੱਚਾ ਸਿੰਘ ਅਤੇ ਸੰਦੀਪ ਸ਼ਰਮਾ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ ਅਤੇ ਜਿਸ ਘਰ ਤੋਂ ਇਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਨੂੰ ਸ਼ਾਹਕੋਟ ਦੇ ਐਨਆਰਆਈ ਨੂੰ ਵੇਚਿਆ ਸੀ ਪਰ ਅਜੇ ਇਨਾ ਨੇ ਉਸ ਨੂੰ ਚਾਬੀਆਂ ਨਹੀਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਜਿਹੜਾ ਰਿਵੋਲਵਰ ਸੰਦੀਪ ਪਾਸੋਂ ਜਬਤ ਕੀਤਾ ਗਿਆ ਹੈ ਉਹ ਜੋਗਿੰਦਰ ਪਾਲ ਦਾ ਹੈ ਅਤੇ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਇਹ ਦੋਵਾਂ ਨੂੰ ਪੁਲਿਸ ਵਲੋਂ 30 ਹੋਰਨਾਂ ਲੋਕਾਂ ਨਾਲ ਸਾਲ 2017 ਵਿੱਚ ਲੁਧਿਆਣਾ ਵਿਖੇ ਗ੍ਰਿਫ਼ਤਾਰ ਕਰਕੇ 34 ਲੱਖ ਰੁਪਏ ਦੀ ਰਾਸ਼ੀ ਜਬਤ ਕੀਤੀ ਗਈ ਸੀ।
ਰਿੱਕੀ ਵੀ ਪਿਛਲੇ ਸਮੇਂ ਦੌਰਾਨ ਤਿੰਨ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਹੁਣ ਫਰਨੀਚਰ ਦਾ ਕੰਮ ਕਰਦਾ ਸੀ।

ਵਿਸ਼ਾਲ ਭੱਲਾ ਵੀ ਪ੍ਰਾਪਰਟੀ ਦਾ ਕੰਮ ਕਰਦਾ ਸੀ ਅਤੇ ਅੰਮ੍ਰਿਤਸਰ ਵਿਖੇ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਿਹਾ ਸੀ। ਮੋਹਿਤ ਵਿਸ਼ਾਲ ਭੱਲਾ ਦਾ ਡਰਾਇਵਰ ਹੈ। ਭਾਨੂੰ ਵੀ ਭੱਲਾ ਦਾ ਸਾਥੀ ਹੈ।

ਦਵਿੰਦਰ ਆਦਮਪੁਰ ਵਿਖੇ ਦੁਕਾਨਦਾਰ ਸੀ ਅਤੇ ਕਮਲ ਕੁਮਾਰ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ ਅਤੇ ਜੋ ਪਿਸਟਲ ਉਸ ਪਾਸੋਂ ਰਿਕਵਰ ਕੀਤਾ ਗਿਆ ਹੈ ਉਹ ਰਾਜੀਵ ਕੁਮਾਰ ਦਾ ਹੈ ਜਿਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਮਨੋਹਰ ਵਲੋਂ ਸਲੂਨ ਚਲਾਇਆ ਜਾ ਰਿਹਾ ਸੀ। ਕੌਸਲ ਕੁਮਾਰ ਅੰਮ੍ਰਿਤਸਰ ਵਿਖੇ ਖਾਣ-ਪੀਣ ਦੀ ਮਾਲਕੀ ਸੀ ਅਤੇ ਪ੍ਰਵੀਨ ਕੁਮਾਰ ਦਾ ਫੁਟਵੀਅਰ  ਸ਼ੋਅ ਰੂਮ ਸੀ।

ਆਈਪੀਸੀ ਦੀ ਧਾਰਾ 188, ਐਪੀਡੈਮਿਕ ਡਿਸੀਜ ਐਕਟ 1897, ਡਿਜਾਸਟਰ ਮੇਨੈਮਮੈਂਟ ਐਕਟ 2005, 13-3-67 ਗੈਂਬਲਿੰਗ ਐਕਟ ਅਤੇ 25, 27, 54 ਅਤੇ 59 ਆਰਮ ਐਕਟ ਤਹਿਤ ਪੁਲਿਸ ਸਟੇਸ਼ਨ-1 ਵਿਖੇ ਸਾਰੇ ਦੋਸ਼ੀਆਂ ਖਿਲਾਫ਼ ਕੇਸ ਕਰ ਕੀਤਾ ਗਿਆ ਹੈ ਅਤੇ ਸਾਰੇ ਦੋਸ਼ੀਆਂ ਨੂੰ ਪੁਲਿਸ ਵਲੋਂ ਰਿਮਾਂਡ ‘ਤੇ ਲਿਆ ਜਾਵੇਗਾ। ਇਨਫੋਰਸਮੈਂਟ ਡਾਇਰੈਕਟਰ ਅਤੇ ਆਮਦਨ ਕਰ ਵਿਭਾਗ ਨੂੰ ਫੜੀ ਰਾਸ਼ੀ ਰਾਸ਼ੀ ਦੀ ਜਾਂਚ ਕਰਨ ਲਈ ਖਬਰ ਭੇਜੀ ਜਾ ਚੁੱਕੀ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)