ਜਲੰਧਰ ‘ਚ CBI ਨੇ ਰਿਸ਼ਵਤ ਦੇ ਮਾਮਲੇ ‘ਚ ਖੇਤਰੀ ਪਾਸਪੋਰਟ ਅਫਸਰ ਸਮੇਤ 3 ਨੂੰ ਕੀਤਾ ਗ੍ਰਿਫਤਾਰ, ਤਲਾਸ਼ੀ ਦੌਰਾਨ 25 ਲੱਖ ਕੈਸ਼ ਬਰਾਮਦ

0
647

ਜਲੰਧਰ, 16 ਫਰਵਰੀ | ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇਕ ਸ਼ਿਕਾਇਤ ‘ਤੇ ਪਾਸਪੋਰਟ ਜਾਰੀ ਕਰਨ ਨਾਲ ਸਬੰਧਤ ਰਿਸ਼ਵਤ ਦੇ ਮਾਮਲੇ ਵਿਚ ਖੇਤਰੀ ਪਾਸਪੋਰਟ ਦਫਤਰ, ਜਲੰਧਰ ਦੇ 3 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਇਕ ਖੇਤਰੀ ਪਾਸਪੋਰਟ ਅਫਸਰ (ਆਰਪੀਓ) ਅਤੇ 2 ਸਹਾਇਕ ਪਾਸਪੋਰਟ ਅਫਸਰ (ਏਪੀਓ) ਸ਼ਾਮਲ ਹਨ। ਤਲਾਸ਼ੀ ਦੌਰਾਨ 25 ਲੱਖ ਦੀ ਨਕਦੀ ਬਰਾਮਦ ਕੀਤੀ ਹੈ।

ਵੇਖੋ ਵੀਡੀਓ

ਸੀਬੀਆਈ ਨੇ ਇਕ ਸ਼ਿਕਾਇਤ ‘ਤੇ ਖੇਤਰੀ ਪਾਸਪੋਰਟ ਦਫ਼ਤਰ, ਜਲੰਧਰ ਦੇ ਇਕ ਸਹਾਇਕ ਪਾਸਪੋਰਟ ਅਧਿਕਾਰੀ ਵਿਰੁੱਧ ਕੇਸ ਦਰਜ ਕੀਤਾ ਹੈ। ਦੋਸ਼ ਸੀ ਕਿ ਸ਼ਿਕਾਇਤਕਰਤਾ ਨੇ ਆਪਣੀ ਪੋਤੀ ਅਤੇ ਪੋਤੇ ਦੇ ਸਬੰਧ ਵਿਚ ਨਵੇਂ ਪਾਸਪੋਰਟ ਲਈ ਅਪਲਾਈ ਕੀਤਾ ਸੀ। ਜਦੋਂ ਸ਼ਿਕਾਇਤਕਰਤਾ ਉਕਤ 2 ਪਾਸਪੋਰਟਾਂ ਦੀ ਸਥਿਤੀ ਦੀ ਜਾਂਚ ਕਰਨ ਲਈ ਮੁਲਜ਼ਮ ਏਪੀਓ ਨੂੰ ਮਿਲਿਆ ਤਾਂ ਮੁਲਜ਼ਮਾਂ ਨੇ ਪਾਸਪੋਰਟ ਜਾਰੀ ਕਰਨ ਬਦਲੇ ਕਥਿਤ ਤੌਰ ‘ਤੇ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।

ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਕਿਹਾ ਕਿ ਰਿਸ਼ਵਤ ਦੀ ਰਕਮ ਆਰਪੀਓ ਅਤੇ ਇਕ ਹੋਰ ਏਪੀਓ ਦੇ ਨਿਰਦੇਸ਼ਾਂ ‘ਤੇ ਸਵੀਕਾਰ ਕੀਤੀ ਜਾਂਦੀ ਹੈ ਅਤੇ ਇਹ ਉਨ੍ਹਾਂ ਦਰਮਿਆਨ ਸਾਂਝੀ ਕੀਤੀ ਜਾਂਦੀ ਹੈ। ਸੀਬੀਆਈ ਨੇ ਜਾਲ ਵਿਛਾ ਕੇ ਮੁਲਜ਼ਮ ਏਪੀਓ ਨੂੰ 25 ਹਜ਼ਾਰ ਦੀ ਰਿਸ਼ਵਤ ਦੀ ਮੰਗ ਕਰਦਿਆਂ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਖੇਤਰੀ ਪਾਸਪੋਰਟ ਦਫ਼ਤਰ, ਜਲੰਧਰ ਦੇ ਆਰਪੀਓ ਅਤੇ ਇਕ ਹੋਰ ਏਪੀਓ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੇ ਰਿਹਾਇਸ਼ੀ ਸਥਾਨਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਹੁਣ ਤੱਕ ਲਗਭਗ 20 ਲੱਖ ਰੁਪਏ ਦੀ ਨਕਦੀ ਅਤੇ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਅਗਲੇਰੀ ਜਾਂਚ ਜਾਰੀ ਹੈ।