ਜਲੰਧਰ | ਸੀ. ਆਈ. ਏ. ਸਟਾਫ਼-1 ਦੀ ਪੁਲਿਸ ਕਸਟਡੀ ‘ਚੋਂ ਭੱਜੇ ਹਿਮਾਂਸ਼ ਵਰਮਾ ਦੀ ਸੂਚਨਾ ਦੇਣ ਵਾਲੇ ਨੂੰ ਪੁਲਸ ਨੇ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਚੰਡੀਗੜ੍ਹ ਅਤੇ ਜਲੰਧਰ ਪੁਲਿਸ ਵੱਲੋਂ ਕੀਤਾ ਗਿਆ ਹੈ। ਪੁਲਿਸ ਕਸਟਡੀ ‘ਚੋਂ ਭੱਜੇ ਹਿਮਾਂਸ਼ ਦਾ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਗ ਸਕਿਆ।
ਹਾਲਾਂਕਿ ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਭਗਵੰਤ ਸਿੰਘ ਆਪਣੀ ਟੀਮ ਨਾਲ ਲਗਾਤਾਰ ਹਿਮਾਂਸ਼ ਵਰਮਾ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ ਪਰ ਉਹ ਗਾਇਬ ਹੈ। ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਿਮਾਂਸ਼ ਨੇ ਆਪਣੇ ਕਰੀਬੀ ਦੋਸਤ ਰੌਬਿਨ ਤਲਵਾਰ ਵਾਸੀ ਮਿੱਠਾਪੁਰ ਦੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਵੀ ਠੱਗਿਆ ਸੀ।
ਵਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪਟਿਆਲਾ ਸਥਿਤ ਪਿਤਾ ਦੀ ਜਿਊਲਰੀ ਸ਼ਾਪ ‘ਚ ਕੰਮ ਕਰਕੇ ਕੀਤੀ ਸੀ। ਇਸ ਤੋਂ ਬਾਅਦ ਲਗਜ਼ਰੀ ਜ਼ਿੰਦਗੀ ਜਿਊਣ ਲਈ ਉਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਸ਼ੁਰੂ ਕੀਤਾ।
ਉਹ ਹਮੇਸ਼ਾ ਮਸ਼ਹੂਰ ਗਾਇਕਾਂ ਨਾਲ ਆਪਣੇ ਸੰਬੰਧ ਦੱਸ ਕੇ ਲੋਕਾਂ ਨੂੰ ਉਨ੍ਹਾਂ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦਿੰਦਾ ਸੀ। ਇੰਨਾ ਹੀ ਨਹੀਂ, ਹਿਮਾਂਸ਼ ਨੇ ਜਿਹੜੇ ਲੋਕਾਂ ਨੂੰ ਮੈਕਸੀਕੋ ਰਸਤੇ ਅਮਰੀਕਾ ਭੇਜਿਆ, ਉਨ੍ਹਾਂ ‘ਚੋਂ ਕਈ ਲੋਕ ਹੁਣ ਤੱਕ ਗਾਇਬ ਹਨ। ਹਿਮਾਂਸ਼ ਖ਼ਿਲਾਫ਼ ਅਜੇ ਵੀ ਕਈ ਨਵੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਹਿਮਾਂਸ਼ ਵਰਮਾ ਪੁੱਤਰ ਕੰਵਰ ਅਜੈ ਵਰਮਾ, ਨਿਵਾਸੀ ਸੈਕਟਰ-8 ਚੰਡੀਗੜ੍ਹ ਨੇ ਜੋ ਨਵਰਤਨ ਗਰੁੱਪ ਆਫ਼ ਕੰਪਨੀਜ਼ ਖੋਲ੍ਹੀ ਸੀ, ਉਹ ਗਲਤ ਸਰਗਰਮੀਆਂ ਲਈ ਹੀ ਤਿਆਰ ਕੀਤੀ ਗਈ ਸੀ, ਜਿਸ ਦੇ ਦਫ਼ਤਰ ਚੰਡੀਗੜ੍ਹ, ਮੁੰਬਈ ਤੇ ਦੇਸ਼ ਦੇ ਹੋਰ ਸ਼ਹਿਰਾਂ ‘ਚ ਵੀ ਬਣਾਏ ਗਏ ਸਨ।
ਉਥੇ ਹੀ ਥਾਣਾ ਨਵੀਂ ਬਾਰਾਂਦਰੀ ਵਿੱਚ ਕੇਸ ਦਰਜ ਹੋਣ ਤੋਂ ਪਹਿਲਾਂ ਹਿਮਾਂਸ਼ ਵਰਮਾ 80 ਲੱਖ ਰੁਪਏ ਦਾ ਫਰਾਡ ਕਰਕੇ ਵਿਦੇਸ਼ ਭੱਜਣ ਦੀ ਫਿਰਾਕ ‘ਚ ਸੀ ਪਰ ਜਲੰਧਰ ਦੇ ਸੀ. ਆਈ. ਏ. ਸਟਾਫ਼-1 ਦੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਥਾਣਾ ਨਵੀਂ ਬਾਰਾਂਦਰੀ ‘ਚ ਹਿਮਾਂਸ਼ ਸਣੇ ਉਸ ਦੀ ਮਾਂ ਚੰਦਰਕਾਂਤਾ, ਸੌਰਵ ਗਾਬਾ ਤੇ ਪ੍ਰਿਥਵੀ ਸਿੰਘ ਖ਼ਿਲਾਫ਼ ਜੋ ਐੱਫ. ਆਈ. ਆਰ. ਦਰਜ ਹੋਈ ਸੀ, ਉਹ ਉਸ ਦੇ ਦੋਸਤ ਰੌਬਿਨ ਤਲਵਾਰ ਨੇ ਹੀ ਦਰਜ ਕਰਵਾਈ ਸੀ।
ਰੌਬਿਨ ਨੇ ਦੋਸ਼ ਲਾਇਆ ਸੀ ਕਿ ਉਸ ਨੇ ਹਿਮਾਂਸ਼ ਦੀ ਮੁਲਾਕਾਤ ਆਪਣੇ ਦੋਸਤ ਅਮਿਤ ਨਾਲ ਕਰਵਾਈ। ਹਿਮਾਂਸ਼ ਨੇ ਕਿਹਾ ਸੀ ਕਿ ਉਸ ਦੀ ਅੰਬੈਸੀ ‘ਚ ਕਾਫੀ ਸੈਟਿੰਗ ਹੈ।
ਉਸ ਨੇ ਅੰਬੈਸੀ ਦੇ ਉੱਚ ਅਧਿਕਾਰੀਆਂ ਨਾਲ ਆਪਣੀਆਂ ਤਸਵੀਰਾਂ ਅਤੇ ਉਨ੍ਹਾਂ ਨਾਲ ਹੋਈਆਂ ਗੱਲਾਂ ਦੀ ਰਿਕਾਰਡਿੰਗ ਸੁਣਾ ਕੇ ਅਮਿਤ ਨੂੰ ਆਪਣੇ ਝਾਂਸੇ ‘ਚ ਲੈ ਲਿਆ ਤੇ ਹੰਗਰੀ ਭੇਜਣ ਲਈ ਅਮਿਤ ਕੋਲੋਂ ਪ੍ਰਤੀ ਕਲਾਇੰਟ 3 ਲੱਖ ਰੁਪਏ ਦੀ ਮੰਗ ਕੀਤੀ ਸੀ।
ਉਸ ਦਾ ਦਾਅਵਾ ਸੀ ਕਿ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਟੱਡੀ ਵੀਜ਼ਾ ‘ਤੇ ਹੰਗਰੀ ਭੇਜ ਦੇਵੇਗਾ। ਅਜਿਹੇ ‘ਚ ਉਸ ਨੇ 80 ਲੱਖ ਰੁਪਏ ਲੈ ਲਏ ਪਰ ਵੀਜ਼ੇ ਨਹੀਂ ਲੁਆਏ, ਉਲਟਾ ਰੌਬਿਨ ਦੇ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਗੜਬੜੀ ਕੀਤੀ, ਜਿਸ ਕਾਰਨ ਉਨ੍ਹਾਂ ਦੇ ਵੀਜ਼ੇ ਰੱਦ ਹੋ ਗਏ ਸਨ। ਇਸ ਤੋਂ ਇਲਾਵਾ ਹਿਮਾਂਸ਼ ਦੇ ਕਈ ਵੱਡੇ ਆਗੂਆਂ ਨਾਲ ਵੀ ਨੇੜਲੇ ਸੰਬੰਧ ਰਹੇ ਹਨ।
ਜ਼ਿਕਰਯੋਗ ਹੈ ਕਿ ਰੌਬਿਨ ਤਲਵਾਰ ਵੱਲੋਂ ਥਾਣਾ ਨਵੀਂ ਬਾਰਾਦਰੀ ‘ਚ ਦਰਜ ਕਰਵਾਈ ਗਈ ਐੱਫ. ਆਈ. ਆਰ. ਤੋਂ ਬਾਅਦ ਸੀ. ਆਈ. ਏ. ਸਟਾਫ਼ ਨੇ 15 ਅਕਤੂਬਰ ਨੂੰ ਹਿਮਾਂਸ਼ ਵਰਮਾ ਅਤੇ ਪ੍ਰਿਥਵੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਸੀ. ਆਈ. ਏ. ਸਟਾਫ਼ ਦੀ ਟੀਮ ਉਸ ਨੂੰ ਲੈ ਕੇ ਜਦੋਂ ਚੰਡੀਗੜ੍ਹ ਸਥਿਤ ਵਰਮਾ ਦੇ ਘਰ ਗਈ ਤਾਂ ਦੇਰ ਰਾਤ ਉਹ ਬਾਥਰੂਮ ਜਾਣ ਦਾ ਕਹਿ ਕੇ ਖਿੜਕੀ ਰਾਹੀਂ ਫਰਾਰ ਹੋ ਗਿਆ ਸੀ। ਚੰਡੀਗੜ੍ਹ ‘ਚ ਵੀ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ।
ਹਿਮਾਂਸ਼ ਨੇ ਫਰਾਰ ਹੋਣ ਤੋਂ ਬਾਅਦ ਪੁਲਿਸ ‘ਤੇ ਸਿਆਸੀ ਦਬਾਅ ਪਾਉਣ ਲਈ ਵੱਡੇ ਆਗੂਆਂ ਦੇ ਫੋਨ ਵੀ ਕਰਵਾਏ ਸਨ। ਉਸ ਦੇ ਬਾਅਦ ਤੋਂ ਅੱਜ ਤੱਕ ਉਸ ਦਾ ਸੁਰਾਗ ਨਹੀਂ ਲੱਗ ਸਕਿਆ।
ਸੀ. ਆਈ. ਏ. ਸਟਾਫ਼ ਦੇ ਇੰਚਾਰਜ ਭਗਵੰਤ ਸਿੰਘ ਦਾ ਕਹਿਣਾ ਹੈ ਕਿ ਆਰੋਪੀ ਹਿਮਾਂਸ਼ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ