ਜਲੰਧਰ। ਜਲੰਧਰ ਦੇਹਾਤ ਦੇ ਥਾਣਾ ਆਦਮਪੁਰ ਵਿਚ ਸਹੁਰਿਆਂ ਦੇ ਗਏ ਜਲੰਧਰ ਦੇ ਲੰਮਾ ਪਿੰਡ ਵਾਸੀ ਲਵਲੀਨ (30) ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝ ਗਈ ਹੈ। ਪ੍ਰੇਮ ਵਿਆਹ ਤੇ ਵਿਆਹ ਦੇ ਬਾਅਦ ਬੇਟੀ ਨਾਲ ਕੁੱਟਮਾਰ ਤੋਂ ਦੁਖੀ ਹੋ ਕੇ ਸਹੁਰਾ ਪਰਿਵਾਰ ਨੇ ਹੀ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਿਸ ਨੇ ਮ੍ਰਿਤਕ ਦੇ ਸਹੁਰੇ ਜਸਵਿੰਦਰ ਸਿੰਘ, ਸੱਸ ਸ਼ਕੁੰਤਲਾ, ਸਾਲੇ ਯੁਵਰਾਜ ਸਿੰਘ ਤੇ ਇਕ ਨਾਬਾਲਗ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਹੁਰਿਆਂ ਦੇ ਘਰ ਤੋਂ 200 ਮੀਟਰ ਦੀ ਦੂਰੀ ’ਤੇ ਖੇਤਾਂ ’ਚੋਂ ਮਿਲੀ ਸੀ ਲਵਲੀਨ ਦੀ ਲਾਸ਼
4 ਦਿਨ ਪਹਿਲਾਂ ਸਹੁਰਿਆਂ ਦੇ ਘਰ ਤੋਂ ਸਿਰਫ 200 ਮੀਟਰ ਦੀ ਦੂਰੀ ‘ਤੇ ਖੇਤਾਂ ਵਿਚੋਂ ਲਵਲੀਨ ਦੀ ਅੱਧਸੜੀ ਲਾਸ਼ ਮਿਲੀ ਸੀ। ਲਵਲੀਨ ਦੇ ਪਿਤਾ ਰਾਜੇਂਦਰ ਕੁਮਾਰ ਨੇ ਲਵਲੀਨ ਦੇ ਸਹੁਰਿਆਂ ’ਤੇ ਕਤਲ ਦੇ ਦੋਸ਼ ਲਗਾਏ ਸਨ। ਜਿਸ ਉਤੇ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਲਵਲੀਨ ਦੇ ਪਿਤਾ ਨੇ ਆਪਣੇ ਬਿਆਨਾਂ ਵਿਚ ਕਿਹਾ ਸੀ ਕਿ ਉਸਨੂੰ ਆਪਣੇ ਪੁੱਤਰ ਦੇ ਸਹੁਰਿਆਂ ਉਤੇ ਸ਼ੱਕ ਸੀ, ਕਿਉਂਕਿ ਉਹ ਪ੍ਰੇਮ ਵਿਆਹ ਤੋਂ ਨਾਰਾਜ ਸਨ। ਜਿਸਦੇ ਬਾਰੇ ਵਿਚ ਬੇਟੇ ਨੇ ਦੋ-ਤਿੰਨ ਵਾਰ ਦੱਸਿਆ ਵੀ ਸੀ ਕਿ ਉਸਦੇ ਸਹੁਰੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਸਨ।
ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕੇ ਲਵਲੀਨ ਸ਼ਰਾਬ ਪੀਣ ਦਾ ਆਦੀ ਸੀ। ਲਵਲੀਨ ਸ਼ਰਾਬ ਪੀ ਕੇ ਪਤਨੀ ਤੇ ਬੱਚਿਆਂ ਨਾਲ ਕੁੱਟਮਾਰ ਕਰਦਾ ਸੀ। ਘਟਨਾ ਵਾਲੇ ਦਿਨ ਵੀ ਸ਼ਰਾਬ ਪੀ ਕੇ ਆਇਆ ਸੀ ਤੇ ਪਤਨੀ ਤੇ ਬੱਚਿਆਂ ਨਾਲ ਕੁੱਟਮਾਰ ਕਰਨ ਲੱਗਾ। ਇਸ ਤੋਂ ਨਾਰਾਜ ਹੋ ਕੇ ਯੁਵਰਾਜ (ਲਵਲੀਨ ਦਾ ਸਾਲਾ) ਤੇ ਉਸਦੇ ਭਰਾ ਨੇ ਪਿਤਾ ਜਸਵਿੰਦਰ ਸਿੰਘ ਤੇ ਮਾਂ ਸ਼ਕੁੰਤਲਾ ਦੇਵੀ ਨਾਲ ਲਵਲੀਨ ਨੂੰ ਫੜ ਕੇ ਪਹਿਲਾਂ ਉਸਦੇ ਸਿਰ ਵਿਚ ਕੜਾ ਮਾਰਿਆ ਤੇ ਫਿਰ ਮੂੰਹ ਵਿਚ ਕੱਪੜਾ ਪਾ ਕੇ ਉਸਦਾ ਗਲਾ ਘੁੱਟ ਦਿੱਤਾ। ਰਾਤ ਦੇ ਸਮੇਂ ਲਾਸ਼ ਨੂੰ ਸਾਇਕਲ ਉਤੇ ਲਿਜਾ ਕੇ ਖੇਤਾਂ ਵਿਚ ਸੁੱਟ ਦਿੱਤਾ। ਇਸ ਤੋਂ ਬਾਅਦ ਕਟਾਰ ਪੈਟਰੋਲ ਪੰਪ ਤੋਂ ਪੈਟਰੋਲ ਲਿਆ ਕੇ ਉਸਨੂੰ ਅੱਗ ਲਾ ਦਿੱਤੀ ਤਾਂ ਕੇ ਲਾਸ਼ ਦੀ ਪਛਾਣ ਨਾ ਹੋ ਸਕੇ। ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਉਤੇ ਲੈ ਲਿਆ ਹੈ।







































