ਜਲੰਧਰ : ਕੁੜੀ ਦੇ ਕਰੈਕਟਰ ‘ਤੇ ਉਂਗਲ ਚੁੱਕਣ ਕਰਕੇ ਚਾਚੇ ਨੇ ਹੀ ਦਿੱਤੀ ਸੀ ਭਤੀਜੇ ਦੇ ਕਤਲ ਦੀ ਸੁਪਾਰੀ, ਫੜੇ ਮੁਲਜ਼ਮਾਂ ਨੇ ਪੁਲਿਸ ਮੂਹਰੇ ਖੋਲ੍ਹੇ ਰਾਜ਼

0
129

ਜਲੰਧਰ | ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਦੇ ਨਿਰਦੇਸ਼ਾਂ ‘ਤੇ ਪੁਲਿਸ ਨੇ ਕਤਲ ਕੇਸ ਦੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਮਨਪ੍ਰੀਤ ਸਿੰਘ ਢਿੱਲੋਂ, ਡੀਐਸਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਐਸਐਚਓ ਸੁਖਦੇਵ ਸਿੰਘ ਨੇ ਇਸ ਕੇਸ ਨੂੰ ਸੁਲਝਾਉਂਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਾਮਲੇ ਦੀ ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਮ੍ਰਿਤਕ ਕਰਨਵੀਰ ਸਿੰਘ ਦੇ ਚਾਚਾ ਅਮਰੀਕ ਸਿੰਘ ਨੇ 2 ਜੂਨ ਨੂੰ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕੁਝ ਨੌਜਵਾਨਾਂ ਨੂੰ ਸੁਪਾਰੀ ਦਿੱਤੀ ਸੀ। ਸ਼ਾਮ ਨੂੰ ਜਦੋਂ ਕਰਨਵੀਰ ਘਰੋਂ ਬਾਹਰ ਨਿਕਲਿਆ ਤਾਂ ਲਿੰਕ ਰੋਡ ‘ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਕਰਨਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਹਰਦੋ ਸ਼ੇਖ ਦੇ ਬਿਆਨਾਂ ‘ਤੇ ਮੁਕੱਦਮਾ ਨੰਬਰ 48 ਮਿਤੀ 10/6/2023 ਆਈ.ਪੀ.ਸੀ. ਦੀ 307, 326, 325, 324, 323, 341, 506, 120ਬੀ, 148, 14 ਆਈ.ਪੀ.ਸੀ. ਤਹਿਤ ਗੁਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਹਿਤਪੁਰ, ਰੋਹਿਤ ਗਿੱਲ ਪੁੱਤਰ ਕੇਵਲ ਸਿੰਘ ਵਾਸੀ ਬਾਦਸ਼ਾਹਪੁਰ, ਰੋਹਿਤ ਗਿੱਲ ਪੁੱਤਰ ਬਲਵਿੰਦਰ ਸਿੰਘ ਵਾਸੀ ਬੜਾ ਮੁਹੱਲਾ, ਰਾਹੁਲ ਪੁੱਤਰ ਵਿਜੇ ਕੁਮਾਰ ਵਾਸੀ ਮੁਹੱਲਾ ਤਲਾਅ ਵਾਲਾ, ਕਾਕਾ ਪੁੱਤਰ ਦੇਵੀ ਦਾਸ ਵਾਸੀ ਬਾੜਾ ਮੁਹੱਲਾ, ਅਮਰੀਕ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਹਰਦੋ ਸ਼ੇਖ, ਨਵਜੋਤ ਕੌਰ ਪੁੱਤਰੀ ਅਮਰੀਕ ਸਿੰਘ ਵਾਸੀ ਹਰਦੋ ਸ਼ੇਖ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਮਰੀਕ ਸਿੰਘ ਨੇ ਕਰਨਵੀਰ ਸਿੰਘ ’ਤੇ ਉਸ ਦੀ ਲੜਕੀ ਦੇ ਚਰਿੱਤਰ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਉਣ ਦੇ ਦੋਸ਼ ਲਾਏ ਸਨ। ਬਦਲਾ ਲੈਣ ਲਈ ਨਵਜੋਤ ਕੌਰ ਨੇ ਲਵ ਜੋ ਇਟਲੀ ਵਿਚ ਰਹਿੰਦਾ ਹੈ, ਉਸ ਨਾਲ ਸਲਾਹ ਮਸ਼ਵਰਾ ਕਰਕੇ ਗੁਰਜੀਤ ਸਿੰਘ ਨੂੰ ਇਟਲੀ ਸੈਟਲ ਕਰਨ ਦਾ ਲਾਲਚ ਦੇ ਕੇ ਕਰਨ ਵੀਰ ਦਾ ਕਤਲ ਕਰਨ ਲਈ ਰਾਜ਼ੀ ਕਰ ਲਿਆ। ਗੁਰਜੀਤ ਨੇ ਆਪਣੇ ਸਾਥੀਆਂ ਰੋਹਿਤ, ਰੋਹਿਤ ਗਿੱਲ, ਅਮਰੀਕ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੇ ਦੋ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਫਰਾਰ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।