ਜਲੰਧਰ . ਸ਼ਹਿਰ ਵਿੱਚ ਸਬਜ਼ੀ ਅਤੇ ਫਲ ਵੇਚਣ ਵਾਲਿਆਂ ਦੀ ਭੀੜ ਘਟਾਉਣ ਲਈ ਇੱਥੇ ਹੁਣ ਔਡ-ਇਵਨ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਹੁਣ ਤੱਕ ਰੋਜ਼ਾਨਾ ਜਲੰਧਰ ਸ਼ਹਿਰ ਵਿੱਚ ਕਰੀਬ 2000 ਸਬਜ਼ੀ ਅਤੇ ਫਲ ਵਾਲੇ ਲੋਕਾਂ ਦੇ ਘਰਾਂ ਤੱਕ ਜਾ ਕੇ ਸਮਾਨ ਵੇਚਦੇ ਸਨ। ਹੁਣ ਰੋਜ਼ਾਨਾ ਸਿਰਫ ਇਕ ਹਜ਼ਾਰ ਲੋਕ ਹੀ ਸਬਜ਼ੀ-ਫਲ ਵੇਚ ਸਕਣਗੇ। ਅਜਿਹਾ ਫੈਸਲਾ ਸਬਜ਼ੀ ਮੰਡੀ ਅਤੇ ਮੁਹੱਲਿਆ ਵਿੱਚ ਭੀੜ ਘਟਾਉਣ ਲਈ ਕੀਤਾ ਗਿਆ ਹੈ। ਔਡ-ਇਵਨ ਫਾਰਮੁਲੇ ਮੁਤਾਬਿਕ ਜਿਹੜੇ 1000 ਲੋਕ ਸ਼ੁੱਕਰਵਾਰ ਨੂੰ ਸਬਜ਼ੀ ਵੇਚਣਗੇ ਉਹ ਮੁੜ ਸ਼ਨੀਵਾਰ ਨੂੰ ਸਬਜ਼ੀ ਨਹੀਂ ਵੇਚ ਸਕਦੇ। ਸ਼ਨੀਵਾਰ ਨੂੰ ਦੂਜੇ ਇਕ ਹਜ਼ਾਰ ਲੋਕ ਸਬਜ਼ੀ ਵੇਚਣਗੇ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਜਿਹੜੇ ਇਕ ਹਜ਼ਾਰ ਲੋਕਾਂ ਨੇ ਸਬਜ਼ੀ ਵੇਚੀ ਸੀ ਉਹੀ ਐਤਵਾਰ ਨੂੰ ਸਬਜ਼ੀ ਵੇਚਣਗੇ। ਅਸਾਨ ਭਾਸ਼ਾ ‘ਚ ਕਿਹਾ ਜਾਵੇ ਤਾਂ ਰੋਜ਼ਾਨਾ ਇੱਕ ਹਜ਼ਾਰ ਸਬਜ਼ੀ ਵਾਲੇ ਸਬਜ਼ੀ ਵੇਚਣਗੇ ਅਤੇ ਹਰੇਕ ਬੰਦਾ ਇਕ ਦਿਨ ਛੱਡ ਕੇ ਸਬਜ਼ੀ ਵੇਚ ਸਕੇਗਾ।
ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਸਾਰੇ 2000 ਵੈਂਡਰਾਂ ਨੂੰ ਮੰਡੀ ਬੋਰਡ ਵੱਲੋਂ ਨਵੇਂ ਪਾਸ ਜਾਰੀ ਕੀਤੇ ਜਾਣਗੇ। 1000 ਵੈਂਡਰਾਂ ਨੂੰ ਲਾਲ ਕਾਰਡ ਦਿੱਤੇ ਜਾਣਗੇ ਤੇ ਉਹ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਫ਼ਲ ਤੇ ਸਬਜ਼ੀਆਂ ਖ਼ਰੀਦ ਕੇ ਲੋਕਾਂ ਦੇ ਘਰਾਂ ਤੱਕ ਸਪਲਾਈ ਕਰਨਗੇ। ਇਸੇ ਤਰ੍ਹਾਂ ਬਾਕੀ ਦੇ 1000 ਵੈਂਡਰਾਂ ਨੂੰ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਫ਼ਲ ਤੇ ਸਬਜ਼ੀਆਂ ਖ਼ਰੀਦ ਕੇ ਵੇਚਣ ਲਈ ਹਰੇ ਪਾਸ ਜਾਰੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੇਵਲ ਪਾਸ ਹੋਲਡਰਾਂ ਨੂੰ ਹੀ ਮੰਡੀ ਵਿੱਚ ਆਉਣ ਦੀ ਆਗਿਆ ਹੋਵੇਗੀ ਤੇ ਕਿਸੇ ਹੋਰ ਨੂੰ ਮੰਡੀ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਫ਼ਲ ਤੇ ਸਬਜ਼ੀਆਂ ਵੇਚਣ ਲਈ ਔਡ/ਈਵਨ ਫਾਰਮੂਲੇ ਨੂੰ ਵਧਾਇਆ ਜਾਵੇਗਾ, ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇਗਾ,ਭੀੜ ਨੂੰ ਇਕੱਠਿਆਂ ਹੋਣ ਤੋਂ ਰੋਕਿਆ ਜਾਵੇਗਾ।