ਜਲੰਧਰ : ਗੁਰਦੁਆਰੇ ਮੱਥਾ ਟੇਕਣ ਜਾਂਦੇ ਵਿਅਕਤੀ ਨੂੰ ਟਰੱਕ ਨੇ ਮਾਰੀ ਭਿਆਨਕ ਟੱਕਰ, ਦਰਦਨਾਕ ਮੌਤ

0
488
ਜਲੰਧਰ | ਫਗਵਾੜਾ ਜੀਟੀ ਰੋਡ ‘ਤੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਚੱਕ ਹਕੀਮ ਨੇੜੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ। ਇਸੇ ਦੌਰਾਨ ਟਰੱਕ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸਾ ਸੜਕ ਪਾਰ ਕਰਦੇ ਸਮੇਂ ਹੋਇਆ। ਟਰੱਕ ਤੇਜ਼ ਰਫ਼ਤਾਰ ਵਿਚ ਸੀ। ਡਰਾਈਵਰ ਬਿਨਾਂ ਬ੍ਰੇਕ ਲਗਾਏ ਭੱਜ ਗਿਆ। ਟਰੱਕ ਦਾ ਟਾਇਰ ਵਿਅਕਤੀ ਦੇ ਸਿਰ ਉਪਰੋਂ ਲੰਘ ਗਿਆ।
ਲੋਕਾਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜੇਬ ਵਿਚੋਂ ਮਿਲੇ ਦਸਤਾਵੇਜ਼ਾਂ ਤੋਂ ਮ੍ਰਿਤਕ ਦੀ ਪਛਾਣ ਬਲਵਿੰਦਰ (45) ਵਾਸੀ ਪਿੰਡ ਚੱਕ ਹਕੀਮ ਵਜੋਂ ਹੋਈ ਹੈ, ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮ੍ਰਿਤਕ ਦੇ ਵਾਰਿਸਾਂ ਨੂੰ ਦਿੱਤੀ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਥਾਣਾ ਸਦਰ ਦੇ ਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਬਲਵਿੰਦਰ ਘਰੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ। ਉਸੇ ਸਮੇਂ ਸੜਕ ਪਾਰ ਕਰਦੇ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਮਾਰਨ ਵਾਲੇ ਟਰੱਕ ਦੀ ਭਾਲ ਜਾਰੀ ਹੈ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਹਾਸਲ ਕੀਤੀ ਜਾ ਰਹੀ ਹੈ।