ਜਲੰਧਰ : ਗਰਭਵਤੀ ਦੀ ਕੁੱਟਮਾਰ ਦੌਰਾਨ ਬੱਚੇ ਦੀ ਮੌਤ, ਕਾਰਵਾਈ ਨਾ ਹੋਣ ਦੁੱਖੋਂ ਪੀੜਤ ਪਰਿਵਾਰ ਨੇ ਘੇਰਿਆ ਥਾਣਾ

0
1093

ਜਲੰਧਰ| ਨਿਊ ਰਤਨ ਨਗਰ, ਜਲੰਧਰ ਦੇ ਨਿਵਾਸੀਆਂ ਨੇ ਗਰਭਵਤੀ ਔਰਤ ਨਾਲ ਹੋਈ ਕੁੱਟਮਾਰ ਦੇ ਮਾਮਲੇ ‘ਚ ਇਨਸਾਫ ਦੀ ਮੰਗ ਨੂੰ ਲੈ ਕੇ ਥਾਣਾ ਬਸਤੀ ਬਾਵਾ ਖੇਲ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਗਏ।

ਪੀੜਤ ਔਰਤ ਦੇ ਪਤੀ ਸੋਨੂੰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਦੀ ਅਤੇ ਗੁਆਂਢ ਦੇ ਬੱਚਿਆਂ ਵਿਚਕਾਰ ਲੜਾਈ ਹੋਈ ਸੀ, ਜਦੋਂ ਉਹ ਉਨ੍ਹਾਂ ਨਾਲ ਗੱਲ ਕਰਨ ਗਿਆ ਤਾਂ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੀ ਗਰਭਵਤੀ ਪਤਨੀ ਦੀ ਵੀ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ। ਜਦੋਂ ਉਨ੍ਹਾਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ, ਜਿਸ ਕਾਰਨ ਉਹ ਗੁੱਸੇ ‘ਚ ਹਨ।

ਦੂਜੇ ਪਾਸੇ ਥਾਣਾ ਬਸਤੀ ਬਾਵਾ ਖੇਲ ਦੇ ਐਸ.ਐਚ.ਓ. ਰਾਜੇਸ਼ ਠਾਕੁਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਮਿਲੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਗਈ ਸੀ, ਪਰ ਹੁਣ ਜੋ ਦੁਬਾਰਾ ਸ਼ਿਕਾਇਤ ਆਈ ਹੈ ਤਾਂ ਉਸ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ। ਗਰਭਵਤੀ ਔਰਤ ਨਾਲ ਜੋ ਵੀ ਕੁੱਟਮਾਰ ਕੀਤੀ ਗਈ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।