ਜਲੰਧਰ : ਡੇਂਗੂ ਨਾਲ ਉਦਯੋਗਪਤੀ ਦੇ 11 ਸਾਲਾ ਬੇਟੇ ਦੀ ਮੌਤ, DMC ਹਸਪਤਾਲ ਲੁਧਿਆਣਾ ‘ਚ ਤੋੜਿਆ ਦਮ, ਵਿਭਾਗ ਨੇ ਨਹੀਂ ਕੀਤੀ ਪੁਸ਼ਟੀ

0
2523

ਜਲੰਧਰ | ਮੰਗਲਵਾਰ ਸ਼ਾਮ ਨੂੰ ਜਲੰਧਰ ਦੇ ਇਕ ਉਦਯੋਗਪਤੀ ਦੇ 11 ਸਾਲਾ ਬੇਟੇ ਦੀ ਡੇਂਗੂ ਨਾਲ ਮੌਤ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਬਚਾਅ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ।

ਜ਼ਿਲੇ ‘ਚ ਡੇਂਗੂ ਨਾਲ ਇਹ ਤੀਸਰੀ ਮੌਤ ਹੈ। ਹਾਲਾਂਕਿ ਸਿਹਤ ਵਿਭਾਗ ਨੇ ਡੇਂਗੂ ਨਾਲ ਕਿਸੇ ਵੀ ਮਰੀਜ਼ ਦੇ ਮਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਉਥੇ ਮੰਗਲਵਾਰ ਨੂੰ ਡੇਂਗੂ ਦੇ 22 ਨਵੇਂ ਕੇਸ ਰਿਪੋਰਟ ਹੋਏ। ਹੁਣ ਤੱਕ ਜ਼ਿਲੇ ‘ਚ ਮਰੀਜ਼ਾਂ ਦੀ ਸੰਖਿਆ 102 ਤੱਕ ਪਹੁੰਚ ਗਈ ਹੈ।

ਸੋਢਲ ਇਲਾਕੇ ‘ਚ ਜੌਲੀ ਇੰਡਸਟਰੀ ਦੇ ਸੰਸਥਾਪਕ ਰਾਜਿੰਦਰ ਜੌਲੀ ਦੇ ਪੋਤੇ ਅਤੇ ਗੌਰਵ ਕਟਾਰੀਆ ਦੇ 11 ਸਾਲਾ ਬੇਟੇ ਸਵਰੀਤ ਕਟਾਰੀਆ ਦੀ ਮੰਗਲਵਾਰ ਸ਼ਾਮ ਲੁਧਿਆਣਾ ਦੇ DMC ਹਸਪਤਾਲ ‘ਚ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਸਿਹਤ ਕੁਝ ਦਿਨਾਂ ਤੋਂ ਖਰਾਬ ਸੀ। ਸੋਮਵਾਰ ਨੂੰ ਉਸ ਦੀ ਸਿਹਤ ਜ਼ਿਆਦਾ ਵਿਗੜਨ ਤੋਂ ਬਾਅਦ ਪ੍ਰਾਈਵੇਟ ਹਸਪਤਾਲਾਂ ‘ਚ ਜਾਂਚ ਕਰਵਾਉਣ ਤੋਂ ਬਾਅਦ ਰਾਤ ਕਰੀਬ 9 ਵਜੇ DMC ਹਸਪਤਾਲ ਲੁਧਿਆਣਾ ਲੈ ਗਏ। ਉਨ੍ਹਾਂ ਕਿਹਾ ਕਿ ਬੱਚੇ ਨੂੰ ਡੇਂਗੂ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਸਿਵਲ ਸਰਜਨ ਡਾ. ਬਲਵੰਤ ਸਿੰਘ ਦਾ ਕਹਿਣਾ ਹੈ ਕਿ ਇੰਟੈਗ੍ਰੇਟਿਡ ਡਿਸੀਜ਼ ਸਰਵੀਲੈਂਸ ਪ੍ਰਾਜੈਕਟ (IDSP) ਨੂੰ ਬੱਚੇ ਦੀ ਮੌਤ ਸਬੰਧੀ ਸੂਚਨਾ ਮਿਲੀ ਸੀ ਪਰ DMC ਹਸਪਤਾਲ ਲੁਧਿਆਣਾ ਤੇ ਸਿਹਤ ਵਿਭਾਗ ਤੋਂ ਅਧਿਕਾਰਤ ਜਾਣਕਾਰੀ ਨਹੀਂ ਮਿਲੀ। ਬੱਚੇ ਦੀ ਰਿਪੋਰਟ ਮਿਲਣ ਤੋਂ ਬਾਅਦ ਡੇਂਗੂ ਨਾਲ ਮੌਤ ਹੋਣ ਦੀ ਪੁਸ਼ਟੀ ਕੀਤੀ ਜਾਵੇਗੀ।

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3e85XYS ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।