ਜਲਾਲਾਬਾਦ : ਚੌਥਾ ਵਿਆਹ ਕਰਵਾਉਣ ਜਾ ਰਿਹਾ ਸੀ ਲਾੜਾ, ਤੀਜੀ ਪਤਨੀ ਨੇ ਪਾ ‘ਤਾ ਗਾਹ; ਚੱਪਲਾਂ ਛੱਡ ਕੇ ਦੌੜਿਆ ਲਾੜਾ

0
805

ਜਲਾਲਾਬਾਦ, 11 ਸਤੰਬਰ | ਸਰਹੱਦੀ ਪਿੰਡ ਟਾਹਲੀਵਾਲਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਬੈਂਡ ਵਾਜਿਆਂ ਦੀ ਧੁੰਨ ‘ਤੇ ਨੱਚਦਾ-ਟੱਪਦਾ ਬਰਾਤ ਲੈ ਕੇ ਵਿਆਹ ਕਰਵਾਉਣ ਆਇਆ ਪਰ ਮੌਕੇ ’ਤੇ ਲਾੜੇ ਦੀ ਤੀਜੀ ਪਤਨੀ ਤੇ ਉਸਦੀ ਭਾਬੀ ਪਹੁੰਚ ਗਈ ਤੇ ਚੱਲਦੇ ਵਿਆਹ ‘ਚ ਗਾਹ ਪਾ ਦਿੱਤਾ ਕਿਉਂਕਿ ਲਾੜਾ ਬਿਨਾਂ ਦੱਸੇ ਚੌਥਾ ਵਿਆਹ ਕਰਵਾਉਣ ਆਇਆ ਸੀ।

ਰੌਲਾ ਪੈਣ ’ਤੇ ਲਾੜਾ ਚੱਪਲਾਂ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਲੜਕੀ ਵਲਿਆਂ ਮੁਤਾਬਕ ਜਿਸ ਲੜਕੀ ਨਾਲ ਚੌਥਾ ਵਿਆਹ ਕਰਵਾਉਣ ਚਲਿਆ ਸੀ, ਵਿਚੋਲੇ ਨੇ ਉਨ੍ਹਾਂ ਨੂੰ ਧੋਖੇ ਵਿਚ ਰੱਖ ਕੇ ਕਿਹਾ ਸੀ ਕਿ ਲੜਕਾ ਕੁਆਰਾ ਹੈ ਜਦਕਿ ਉਸਦੇ ਪਹਿਲਾਂ ਤਿੰਨ ਵਿਆਹ ਹੋ ਚੁੱਕੇ ਸਨ।

ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਅੱਜ ਉਨ੍ਹਾਂ ਦੀ ਲੜਕੀ ਦੀ ਬਰਾਤ ਆਈ ਪਰ ਪਤਾ ਨਹੀਂ ਸੀ ਕਿ ਉਨ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਦੇ ਵਿਆਹ ਲਈ ਆਪਣੀਆਂ 20 ਬੱਕਰੀਆਂ ਵੇਚੀਆਂ ਸਨ। ਗੱਲਬਾਤ ਕਰਦਿਆਂ ਲਾੜੇ ਦੀ ਭਾਬੀ ਵੀਨਾ ਰਾਣੀ ਨੇ ਦੱਸਿਆ ਕਿ ਉਸਦੇ ਘਰਵਾਲੇ ਦੀ ਮੌਤ ਹੋ ਚੁੱਕੀ ਹੈ। ਉਸਦੀ ਮੌਤ ਤੋਂ ਬਾਅਦ ਉਸਨੂੰ ਤੇ ਉਸਦੀ ਦਰਾਣੀ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ।

ਸਾਨੂੰ ਰਾਤ ਨੂੰ ਹੀ ਪਤਾ ਲੱਗਾ ਕਿ ਦਰਾਣ ਦਾ ਘਰਵਾਲਾ ਚੋਰੀ-ਛਿਪੇ ਚੌਥਾ ਵਿਆਹ ਕਰਵਾ ਰਿਹਾ ਹੈ। ਅੱਜ ਉਹ ਆਪਣੀ ਦਰਾਣੀ ਤੇ ਉਸਦੇ ਪਰਿਵਾਰ ਨੂੰ ਲੈ ਕੇ ਮੌਕੇ ‘ਤੇ ਪੁੱਜ ਗਈ। ਉਸਨੇ ਦੱਸਿਆ ਕਿ ਉਸਦੇ ਦਿਓਰ ਦਾ ਵਿਆਹ ਪਹਿਲਾਂ ਹੋਇਆ ਹੈ ਤੇ ਹੁਣ ਚੌਥੀ ਵਾਰ ਵਿਆਹ ਕਰਵਾਉਣ ਲਈ ਆਇਆ ਸੀ। ਲੜਕੀ ਵਾਲਿਆਂ ਨੂੰ ਕਿਹਾ ਗਿਆ ਕਿ ਮੁੰਡਾ ਕੁਆਰਾ ਹੈ ਪਰ ਇਸਦੇ ਤਿੰਨ ਵਿਆਹ ਪਹਿਲਾਂ ਹੀ ਹੋ ਚੁੱਕੇ ਹਨ। ਉਨ੍ਹਾਂ ਨੇ ਚੌਥਾ ਘਰ ਉਜੜਣ ਤੋਂ ਅੱਜ ਬਚਾਅ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਬਰਾਤ ਲਾਧੂਕਾ ਮੰਡੀ ਤੋਂ ਆਈ ਸੀ, ਜਿਸ ਪਤਨੀ ਤੇ ਭਾਬੀ ਨੇ ਮੌਕੇ ‘ਤੇ ਪਹੁੰਚ ਕੇ ਖਲਾਰਾ ਪਾਇਆ, ਉਹ ਜਲਾਲਾਬਾਦ ਹਲਕੇ ਦੇ ਪਿੰਡ ਦੁੁਲ੍ਹੇ ਕੀ ਦੀਆਂ ਰਹਿਣ ਵਾਲੀਆਂ ਹਨ। ਘੁਬਾਇਆ ਚੌਕੀ ਦੇ ਇੰਚਾਰਜ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਤਿੰਨੋਂ ਪਰਿਵਾਰਾਂ ਨੂੰ ਥਾਣੇ ਬੁਲਾ ਲਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।