ਇਜ਼ਰਾਈਲ ਨੇ ਜੇਨਿਨ ਦੀ ਮਸਜਿਦ ‘ਤੇ ਕੀਤਾ ਹਵਾਈ ਹਮਲਾ; IDF ਦਾ ਦਾਅਵਾ – ਹਮਾਸ ਨੇ ਇਸ ਨੂੰ ਕਮਾਂਡ ਸੈਂਟਰ ਬਣਾਇਆ ਹੋਇਆ ਸੀ

0
733

ਨਵੀਂ ਦਿੱਲੀ, 22 ਅਕਤੂਬਰ | ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਜੇਨਿਨ ਦੀ ਅਲ-ਅੰਸਾਰ ਮਸਜਿਦ ‘ਤੇ ਹਵਾਈ ਹਮਲਾ ਕੀਤਾ। ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। IDF ਨੇ ਲਿਖਿਆ – ਸੁਰੱਖਿਆ ਇੰਟੈਲੀਜੈਂਸ ਨੇ ਸਾਨੂੰ ਦੱਸਿਆ ਕਿ ਹਮਾਸ ਦੇ ਲੜਾਕਿਆਂ ਨੇ ਮਸਜਿਦ ਨੂੰ ਕਮਾਂਡ ਸੈਂਟਰ ਬਣਾਇਆ ਹੋਇਆ ਸੀ। ਉਹ ਇਥੋਂ ਹੀ ਹਮਲਿਆਂ ਦੀ ਯੋਜਨਾ ਬਣਾ ਕੇ ਅੰਜਾਮ ਦਿੰਦੇ ਸਨ।

ਦੂਜੇ ਪਾਸੇ, ਇਜ਼ਰਾਈਲ ਨੇ ਸ਼ਨੀਵਾਰ ਨੂੰ ਵੈਸਟ ਬੈਂਕ ਦੇ ਜੇਨਿਨ ਦੇ ਸ਼ਰਨਾਰਥੀ ਕੈਂਪ ‘ਤੇ ਵੀ ਹਵਾਈ ਹਮਲਾ ਕੀਤਾ। ਹਮਾਸ ਤੋਂ ਬਾਅਦ ਲੇਬਨਾਨ ਤੋਂ ਵੀ ਇਜ਼ਰਾਈਲ ‘ਤੇ ਹਮਲੇ ਜਾਰੀ ਹਨ। ਦੇਰ ਰਾਤ ਇਜ਼ਰਾਈਲੀ ਫੌਜ ਨੇ ਲੇਬਨਾਨ ਦੀ ਸਰਹੱਦ ‘ਤੇ ਹਵਾਈ ਹਮਲਾ ਕੀਤਾ। ਇਸ ਦੇ ਨਾਲ ਹੀ ਲੇਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਨੇ ਕਿਹਾ ਕਿ 7 ਅਕਤੂਬਰ ਤੋਂ ਹੁਣ ਤੱਕ ਉਨ੍ਹਾਂ ਦੇ 14 ਮੈਂਬਰ ਮਾਰੇ ਜਾ ਚੁੱਕੇ ਹਨ।

ਇਜ਼ਰਾਈਲੀ ਫੌਜ ਨੇ ਸ਼ਨੀਵਾਰ ਦੇਰ ਰਾਤ ਵੈਸਟ ਬੈਂਕ ‘ਤੇ ਛਾਪਾ ਮਾਰਿਆ। ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕਈ ਇਲਾਕਿਆਂ ‘ਚ 670 ਫਲਸਤੀਨੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚੋਂ 450 ਫਲਸਤੀਨੀ ਹਮਾਸ ਨਾਲ ਜੁੜੇ ਦੱਸੇ ਜਾਂਦੇ ਹਨ। ਫੌਜ ਨੇ ਕਿਹਾ- ਅਸੀਂ ਅਕਾਬਤ ਜਾਬਰ ਸ਼ਰਨਾਰਥੀ ਕੈਂਪ ਵਿਚ ਹਮਾਸ ਦੇ ਲੜਾਕੂ ਮੇਹਰ ਸ਼ਾਲੋਨ ਦੇ ਘਰ ਨੂੰ ਤਬਾਹ ਕਰ ਦਿੱਤਾ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਗਾਜ਼ਾ ‘ਚ ਮਾਰੇ ਗਏ ਲੋਕਾਂ ‘ਚ 70 ਫੀਸਦੀ ਔਰਤਾਂ, ਬੱਚੇ ਅਤੇ ਬਜ਼ੁਰਗ ਹਨ।